ਪਾਲ ਸਿੰਘ ਨੌਲੀ
ਜਲੰਧਰ, 8 ਅਪਰੈਲ
ਅੱਠ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਸਰਕਾਰ ਤੋਂ ਸਾਲ 2021-22 ਦੇ ਸੀਜ਼ਨ ਲਈ ਗੰਨਾ ਉਤਪਾਦਕਾਂ ਦੇ 900 ਕਰੋੜ ਰੁਪਏ ਦੇ ਬਕਾਏ ਤੁਰੰਤ ਅਦਾ ਕਰਨ ਸਮੇਤ ਉਨ੍ਹਾਂ ਨੂੰ 170 ਕਰੋੜ ਰੁਪਏ ਦੀ ਸਬਸਿਡੀ ਵੀ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ ਅਤੇ ਬੀਕੇਯੂ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ 2019-20 ਲਈ ਗੰਨਾ ਉਤਪਾਦਕਾਂ ਦੇ 36 ਕਰੋੜ ਰੁਪਏ ਸਿਰਫ਼ ਫਗਵਾੜਾ ਖੰਡ ਮਿੱਲ ਵੱਲ ਬਕਾਇਆ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀਆਂ ਫ਼ਸਲਾਂ ਦੀ ਸਿੰਜਾਈ ਠੀਕ ਢੰਗ ਨਾਲ ਅਤੇ ਸਮੇਂ ਸਿਰ ਕਰ ਸਕਣ। ਇਸੇ ਤਰ੍ਹਾਂ ਪੰਜਾਬ ਦੇ ਡੈਮਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਸਸਤੇ ਭਾਅ ਵਿੱਚ ਦਿੱਤੀ ਜਾਵੇ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਖੇਤਰ ਨੂੰ ਲੋੜੀਂਦਾ ਨਹਿਰੀ ਪਾਣੀ ਨਹੀਂ ਮਿਲ ਰਿਹਾ, ਇਸੇ ਕਰ ਕੇ ਧਰਤੀ ਹੇਠਲੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਪੈ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦੀ ਕੀਤੀ ਚੋਣ ’ਤੇ ਟਿੱਪਣੀ ਕਰਦਿਆਂ ਕਾਦੀਆਂ ਨੇ ਕਿਹਾ ਕਿ ਜਦੋਂ ਪੰਜਾਬ ਨੇ ‘ਆਪ’ ਨੂੰ 92 ਵਿਧਾਇਕ ਦਿੱਤੇ ਹਨ ਤਾਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਵੱਲੋਂ ਰਾਜ ਸਭਾ ਵਿੱਚ ਭੇਜਣਾ ਗਲਤ ਹੈ।
ਕਿਸਾਨ ਅੰਦੋਲਨ ਦੀ ਭਰਪਾਈ ਸੰਘਰਸ਼ ਨਾਲ ਕਰਾਂਗੇ: ਡੱਲੇਵਾਲ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੁਝ ਕਿਸਾਨ ਆਗੂਆਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨਾਲ ਕਿਸਾਨੀ ਸੰਘਰਸ਼ ਨੂੰ ਵੱਡੀ ਢਾਹ ਲੱਗੀ ਹੈ। ਇੱਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ 100 ਤੋਂ ਵੱਧ ਮੈਂਬਰ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠਲੀ ਬੀਕੇਯੂ ਸਿੱਧੂਪੁਰ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਕਿਸਾਨ ਆਗੂਆਂ ਨੂੰ ਆਪਣੀ ਜਥੇਬੰਦੀ ਵਿੱਚ ਸ਼ਾਮਲ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਚੋਣ ਲੜਨ ਦੇ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲੱਗੀ ਹੈ, ਜਿਸ ਦੀ ਭਰਪਾਈ ਸੰਘਰਸ਼ ਨਾਲ ਹੀ ਕੀਤੀ ਜਾਵੇਗੀ। ਡੱਲੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਸੰਯੁਕਤ ਸਮਾਜ ਮੋਰਚੇ ਨਾਲ ਕੋਈ ਵੀ ਸਬੰਧ ਨਾ ਰੱਖਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਿਲ ਕਿਸਾਨ ਆਗੂਆਂ ਦੇ ਚੋਣ ਲੜਨ ਨਾਲ ਭਾਜਪਾ ਲੀਡਰਸ਼ਿਪ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਸੀ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਕਿਸਾਨੀ ਸੰਘਰਸ਼ ਵਿੱਚੋਂ ਸਿਆਸੀ ਪਾਰਟੀ ਨਿਕਲੇਗੀ।