ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 27 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਪ੍ਰਬੰਧਕੀ ਕਾਰਨਾਂ ਕਰ ਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਸਕੂਲ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਕੱਲ੍ਹ ਅਕਾਦਮਿਕ ਵਰ੍ਹੇ 2021-22 ਦਾ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ 27 ਜੂਨ ਨੂੰ ਬਾਅਦ ਦੁਪਹਿਰ 3 ਵਜੇ ਐਲਾਨਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਬਾਅਦ ਦੁਪਹਿਰ 3 ਵਜੇ ਜ਼ੂਮ ਐਪ ’ਤੇ ਮੀਟਿੰਗ ਰਾਹੀਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਣ ਬਾਰੇ ਪੱਤਰਕਾਰਾਂ ਨੂੰ ਕਵਰੇਜ ਦੀ ਅਪੀਲ ਕੀਤੀ ਸੀ। ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਲਾਗ-ਇਨ ਆਈਡੀ ਅਤੇ ਪਾਸਵਰਡ ਤੱਕ ਮੁਹੱਈਆ ਕਰਵਾਏ ਗਏ ਸਨ ਪਰ ਐਨ ਮੌਕੇ ਬੋਰਡ ਮੈਨੇਜਮੈਂਟ ਵੱਲੋਂ ਮੀਡੀਆ ਕਰਮੀਆਂ ਨੂੰ ਇਹ ਸੁਨੇਹੇ ਲਗਾਏ ਗਏ ਕਿ ਬਾਰ੍ਹਵੀਂ ਜਮਾਤ ਦਾ ਨਤੀਜਾ ਕੁਝ ਪ੍ਰਬੰਧਕੀ ਕਾਰਨਾਂ ਕਰ ਕੇ ਫਿਲਹਾਲ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਨਤੀਜਾ ਨੇੜੇ ਭਵਿੱਖ ਵਿੱਚ ਜਾਰੀ ਕੀਤਾ ਜਾਵੇਗਾ, ਜਿਸ ਦੀ ਸੂਚਨਾ ਬੋਰਡ ਦੀ ਵੈੱਬਸਾਈਟ, ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਦਿੱਤੀ ਜਾਵੇਗੀ। ਨਤੀਜਾ ਮੁਲਤਵੀ ਹੋਣ ਕਾਰਨ ਵਿਦਿਆਰਥੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਮੀਤ ਹੇਅਰ ਦੇ ਫੋਨ ਮਗਰੋਂ ਪ੍ਰੋਗਰਾਮ ਹੋਇਆ ਰੱਦ: ਸੂਤਰ
ਭਰੋਸੇਯੋਗ ਸੂਤਰਾਂ ਅਨੁਸਾਰ ਸਕੂਲ ਬੋਰਡ ਦੇ ਅਧਿਕਾਰੀ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ ਪਰ ਦੁਪਹਿਰ (ਲੰਚ ਬਰੇਕ) ਸਮੇਂ ਸਿੱਖਿਆ ਮੰਤਰੀ ਮੀਤ ਹੇਅਰ ਦਾ ਅਚਾਨਕ ਫੋਨ ਖੜਕ ਗਿਆ ਕਿ ਅੱਜ ਬਾਰ੍ਹਵੀਂ ਦਾ ਨਤੀਜਾ ਨਾ ਐਲਾਨਿਆ ਜਾਵੇ, ਜਿਸ ਕਰ ਕੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨਤੀਜਾ ਐਲਾਨੇ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।