ਆਤਿਸ਼ ਗੁਪਤਾ
ਚੰਡੀਗੜ੍ਹ, 2 ਫਰਵਰੀ
ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਤ ਹਵਾਵਾਂ ਕਾਰਨ ਠੰਢ ਵਧ ਗਈ ਹੈ ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 3 ਫਰਵਰੀ ਨੂੰ ਮੀਂਹ ਅਤੇ 4 ਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ ਸਭ ਤੋਂ ਘੱਟ 2.4 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ 7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 5 ਡਿਗਰੀ ਸੈਲਸੀਅਸ, ਲੁਧਿਆਣਾ ਦਾ 6.6 ਡਿਗਰੀ ਸੈਲਸੀਅਸ, ਪਟਿਆਲਾ ਦਾ 7.8 ਡਿਗਰੀ ਸੈਲਸੀਅਸ ਤੇ ਮੁਹਾਲੀ ਦਾ 10 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਤੋਂ 3 ਦਰਜੇ ਘੱਟ ਹੈ। ਹਰਿਆਣਾ ਵਿੱਚ ਸਿਰਸਾ ਦਾ ਘੱਟ ਤੋਂ ਘੱਟ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਹੈ, ਜੋ 4.7 ਡਿਗਰੀ ਸੈਲਸੀਅਸ ਸੀ। ਸੰਘਣੀ ਧੁੰਦ ਕਰਕੇ ਕਈ ਥਾਵਾਂ ’ਤੇ ਦਿੱਸਣ ਹੱਦ ਘੱਟ ਗਈ। ਉਧਰ ਲੋਕ ਧੁੱਪ ਦਾ ਨਿੱਘ ਮਾਨਣ ਨੂੰ ਤਰਸਦੇ ਰਹੇ।