ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਕਤੂਬਰ
ਇਥੇ ਸਦਰ ਬਾਜ਼ਾਰ ’ਚ ਆਰਐੱਸਐੱਸ ਦਫ਼ਤਰ ਦੇ ਗੇਟ ’ਤੇ ਕਾਲਖ ਮਲਣ ਅਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਅਰੇ ਲਿਖਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਦਿਆਰਥੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਦੀ ਰਿਹਾਈ ਲਈ ਅੱਜ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਲੋਕ ਰੋਸ ਮਾਰਚ ਲਈ ਸਥਾਨਕ ਬਨਾਗਰ ਬਾਗ ’ਚ ਇਕੱਠੇ ਹੋਏ। ਇਸ ਦੌਰਾਨ ਜਥੇਬੰਦੀਆਂ ਤੇ ਆਰਐੱਸਐੱਸ ਵਿਚਾਲੇ ਟਕਰਾਅ ਦੀ ਸੰਭਾਵਨਾ ਦੇ ਮੱਦੇਨਜ਼ਰ ਮਾਹੌਲ ਤਣਾਅਪੂਰਨ ਰਿਹਾ, ਜਿਸ ਕਾਰਨ ਪੁਲੀਸ ਨੇ ਆਰਐੱਸਐੱਸ ਦਫ਼ਤਰ ਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਨਾਕਾਬੰਦੀ ਕਰ ਦਿੱਤੀ।
ਜਾਣਕਾਰੀ ਮੁਤਾਬਿਕ ਜਿਵੇਂ ਹੀ ਬਨਾਗਰ ਬਾਗ ਤੋਂ ਇਹ ਰੋਸ ਮਾਰਚ ਆਰਐੱਸਐੱਸ ਦਫ਼ਤਰ ਵੱਲ ਵਧਣ ਲੱਗਿਆ ਤਾਂ ਪੁਲੀਸ ਨੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਆਰਐੱਸਐੱਸ ਦਫ਼ਤਰ ਤੋਂ ਪਹਿਲਾਂ ਹੀ ਡਾਕਘਰ ਨੇੜੇ ਰੋਕ ਲਿਆ। ਪੁਲੀਸ ਵੱਲੋਂ ਰੋਕਣ ’ਤੇ ਜਥੇਬੰਦੀਆਂ ਨੇ ਇਥੇ ਹੀ ਰੋਸ ਧਰਨਾ ਆਰੰਭ ਦਿੱਤਾ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਤੇ ਪੰਜਾਬ ਸਟੂਡੈਂਟ ਯੂਨੀਅਨ ਦੀ ਜ਼ਿਲ੍ਹਾ ਆਗੂ ਜਸਪ੍ਰੀਤ ਕੌਰ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਗ੍ਰਿਫ਼ਤਾਰ ਨੂੰ ਰਿਹਾਅ ਅਤੇ ਵਿਦਿਆਰਥੀ ਕਾਰਕੁਨਾਂ ਨੂੰ ਧਮਕਾਉਣ ਤੇ ਜਥੇਬੰਦੀਆਂ ਦਾ ਝੰਡਾ ਸਾੜਨ ਦੇ ਦੋਸ਼ ਹੇਠ ਭਾਜਪਾ/ਆਰਐੱਸਐੱਸ ਆਗੂਆਂ ਖ਼ਿਲਾਫ਼ ਕੇਸ ਦਰਜ ਨਾ ਕੀਤਾ ਤਾਂ ਉਹ ਆਰਐੱਸਐੱਸ ਦਫ਼ਤਰ ਵੱਲ ਵਧਣਗੇ।
ਦੂਜੇ ਪਾਸੇ ਐੱਸਪੀ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਤੇ ਆਰਐੱਸਐੱਸ ਕਾਰਕੁਨਾਂ ਖ਼ਿਲਾਫ਼ ਥਾਣਾ ਸਿਟੀ ’ਚ ਡੀਡੀਆਰ ਦਰਜ ਕਰ ਲਈ ਹੈ ਅਤੇ ਸ਼ਿਕਾਇਤ ਦੀ ਪੜਤਾਲ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਜਥੇਬੰਦੀਆਂ ਨੂੰ ਇਨਸਾਫ਼ ਦਾ ਵੀ ਭਰੋਸਾ ਦਿੱਤਾ।
ਇਸ ਮਗਰੋਂ ਧਰਨਾਕਾਰੀ ਸ਼ਾਂਤ ਹੋਏ ਤੇ ਧਰਨਾ ਸਮਾਪਤ ਕਰ ਦਿੱਤਾ। ਉਧਰ ਆਰਐੱਸਐੱਸ ਦਫ਼ਤਰ ਅੱਗੇ ਧਾਰਮਿਕ ਸਮਾਗਮ ਦੌਰਾਨ ਆਰਐੱਸਐੱਸ ਦੇ ਜ਼ਿਲ੍ਹਾ ਪ੍ਰਬੰਧਕ ਐਡਵੋਕੇਟ ਰਾਮਪਾਲ ਸਿੰਗਲਾ ਨੇ ਕਿਹਾ ਕਿ ਪੀਐੱਸਯੂ ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਹਿੰਦੂਆਂ ਦੇ ਪਵਿੱਤਰ ਚਿੰਨ੍ਹ ਸਵਾਸਤਿਕ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੇ ਸ਼ੁੱਧੀਕਰਨ ਲਈ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਧਾਰਮਿਕ ਪਾਠ ਕਰਵਾਇਆ ਗਿਆ ਹੈ।