ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਸਤੰਬਰ
ਪੰਜਾਬ ਸਰਕਾਰ ਵੱਲੋਂ ਜੀਓਜੀ (ਗਾਰਡੀਅਨਜ਼ ਆਫ ਗਵਰਨੈਂਸ) ਸਕੀਮ ਬੰਦ ਕਰਨ ਖ਼ਿਲਾਫ਼ ਖੁਸ਼ਹਾਲੀ ਦੇ ਰਾਖੇ ਵਜੋਂ ਕੰਮ ਕਰ ਰਹੇ ਸਾਬਕਾ ਸੈਨਿਕਾਂ ਨੇ ਅੱਜ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਮੁੱਖ ਚੌਕ ਵਿੱਚ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਬਗੈਰ ਕਿਸੇ ਨੋਟਿਸ ਤੋਂ ਸਕੀਮ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਮੰਗ ਕੀਤੀ ਕਿ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ। ਸਾਬਕਾ ਸੈਨਿਕਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਰੋਸ ਧਰਨਾ ਦੇਣ ਦੌਰਾਨ ਦੌਰਾਨ ਕਰੀਬ ਇੱਕ ਘੰਟਾ ਆਵਾਜਾਈ ਠੱਪ ਰਹੀ। ਇਸ ਮਗਰੋਂ ਜੀਓਜੀ ਨੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਧਰਨਾ ਦਿੱਤਾ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜੀਓਜੀ ਆਗੂਆਂ ਕਮਲ ਕੁਮਾਰ ਵਰਮਾ, ਕੈਪਟਨ ਗੁਲਾਬ ਸਿੰਘ, ਕੈਪਟਨ ਸਿਕੰਦਰ ਸਿੰਘ, ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸੂਬੇਦਾਰ ਮੇਜਰ ਲਾਲ ਸਿੰਘ, ਕੈਪਟਨ ਧਰਮ ਸਿੰਘ, ਦਰਸ਼ਨ ਸਿੰਘ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੀਓਜੀ ਸਕੀਮ ਨੂੰ ਚੁੱਪ ਚੁਪੀਤੇ ਬੰਦ ਕਰਨ ਦਾ ਲਿਆ ਫ਼ੈਸਲਾ ਅਤਿ ਨਿੰਦਣਯੋਗ ਹੈ ਜਿਸ ਨਾਲ ਸਾਬਕਾ ਸੈਨਿਕਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਸਰਕਾਰ ਵੱਲੋਂ ਇਹ ਆਖਣਾ ਕਿ ਇਹ ਸਕੀਮ ਸਰਕਾਰ ਦੇ ਖਜ਼ਾਨੇ ਉਪਰ ਬੋਝ ਹੈ ਅਤੇ ਇਨ੍ਹਾਂ ਚਾਰ-ਪੰਜ ਸਾਲਾਂ ਦੇ ਦੌਰਾਨ ਕੀਤੇ ਕੰਮਾਂ ਦਾ ਕੋਈ ਲੇਖਾ ਜੋਖਾ ਨਹੀਂ ਰੱਖਿਆ, ਸਰਾਸਰ ਗਲਤ ਹੈ। ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਗੈਰ ਕਿਸੇ ਨੋਟਿਸ ਤੋਂ ਜੀਓਜੀ ਸਕੀਮ ਨੂੰ ਬੰਦ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਵਾਈ ਜਾਵੇ ਤਾਂ ਜੋ ਸਾਬਕਾ ਸੈਨਿਕਾਂ ਨੂੰ ਰਾਹਤ ਮਿਲ ਸਕੇ।