ਪੱਤਰ ਪ੍ਰੇਰਕ
ਪਠਾਨਕੋਟ, 16 ਫਰਵਰੀ
ਕਾਂਗਰਸ ਪਾਰਟੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਠਾਨਕੋਟ ਵਿੱਚ 17 ਫਰਵਰੀ ਨੂੰ ਕਾਂਗਰਸੀ ਉਮੀਦਵਾਰ ਅਮਿਤ ਵਿੱਜ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ, ਜਦ ਕਿ ਇਸੇ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨੇ ਸੀਟਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਮੋਟਰਸਾਈਕਲ ਰੈਲੀਆਂ ਕੱਢਣਗੇ। ਜਾਣਕਾਰੀ ਅਨੁਸਾਰ ਪ੍ਰਿਯੰਕਾ ਵਾਡਰਾ ਪਠਾਨਕੋਟ ਦੇ ਸ਼ੈਲੀ ਰੋਡ ਸਥਿਤ ਆਡੀਟੋਰੀਅਮ ਗਰਾਊਂਡ ਵਿੱਚ ਸੰਬੋਧਨ ਕਰਨਗੇ। ਕੇਜਰੀਵਾਲ ਗੁਰਦਾਸਪੁਰ ’ਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਕੱਢਦਿਆਂ ਲਦਪਾਲਵਾਂ ਟੌਲ ਪਲਾਜ਼ਾ ’ਤੇ ਪੁੱਜਣਗੇ। ਇੱਥੋਂ ਉਹ ਬਾਅਦ ਦੁਪਹਿਰ ਹਲਕਾ ਭੋਆ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਦੇ ਹੱਕ ਵਿੱਚ ਰੈਲੀ ਕੱਢਣ ਮਗਰੋਂ ਸੁਜਾਨਪੁਰ ਹਲਕੇ ’ਚ ਮੋਟਰਸਾਈਕਲ ਰੈਲੀ ਕੱਢਣਗੇ।