ਸ਼ਗਨ ਕਟਾਰੀਆ
ਬਠਿੰਡਾ, 24 ਨਵੰਬਰ
ਸਿਆਸੀ ਰੱਸਾਕਸ਼ੀ ਦੌਰਾਨ ‘ਦਿ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ’ ਦੋਫ਼ਾੜ ਹੋ ਗਈ ਹੈ। ਟਰਾਂਸਪੋਰਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ (ਡਿੰਪੀ ਢਿੱਲੋਂ) ਦੇ ਭਰਾ ਸਨੀ ਢਿੱਲੋਂ ਦੀ ਅਗਵਾਈ ਵਾਲੀ ਮੀਟਿੰਗ ’ਚ ਜਥੇਬੰਦੀ ਨੇ ਰਵੀ ਜਲਾਲ ਨੂੰ ਨਵਾਂ ਪ੍ਰਧਾਨ ਥਾਪਿਆ ਹੈ।
ਨਵੀਂ ਚੋਣ ’ਚ ਸ਼ਾਮਲ ਹੋਏ ਅਪਰੇਟਰਾਂ ਦਾ ਦਾਅਵਾ ਹੈ ਕਿ ਮੀਟਿੰਗ ’ਚ ਜ਼ਿਲ੍ਹਾ ਬਠਿੰਡਾ ਦੇ 70 ਤੋਂ ਵੱਧ ਪ੍ਰਾਈਵੇਟ ਬੱਸ ਅਪਰੇਟਰ ਸ਼ਾਮਲ ਹੋਏ ਅਤੇ ਉਨ੍ਹਾਂ ਆਪਣੀਆਂ ਸਮੱਸਿਆਵਾਂ ’ਤੇ ਚਰਚਾ ਕਰਨ ਮਗਰੋਂ ਜਲਾਲ ਬੱਸ ਸਰਵਿਸ ਦੇ ਐੱਮਡੀ ਨਰਪਿੰਦਰ ਸਿੰਘ (ਰਵੀ ਜਲਾਲ) ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਕੇ ਜ਼ਿਲ੍ਹਾ ਜਥੇਬੰਦੀ ਬਣਾਉਣ ਦੇ ਪੂਰਨ ਅਧਿਕਾਰ ਦਿੱਤੇ ਗਏ। ਇਸ ਫ਼ੈਸਲੇ ’ਤੇ ਸਨੀ ਢਿੱਲੋਂ (ਦੀਪ ਬੱਸ), ਮਹਾਸ਼ਾ ਬਰਾੜ (ਔਰਬਿਟ ਬੱਸ), ਸ਼ਿਵ ਜੰਟ ਸਿੰਘ (ਫਤਿਹ ਬੱਸ), ਕਰਮ ਸਿੰਘ (ਲਬਿੜਾ ਬੱਸ), ਗੁਰਮੇਲ ਸਿੰਘ (ਖੱਟੜਾ ਬੱਸ), ਮਨੀ ਢਿੱਲੋਂ ਸਮੇਤ ਹੋਰ ਅਪਰੇਟਰਾਂ ਨੇ ਮੋਹਰ ਲਾਉਂਦਿਆਂ ਰਵੀ ਜਲਾਲ ਦੇ ਗਲ ’ਚ ਹਾਰ ਪਾ ਕੇ ਸਵਾਗਤ ਕੀਤਾ। ‘ਪ੍ਰਾਈਵੇਟ ਬੱਸ ਅਪਰੇਟਰ ਪੰਜਾਬ ਯੂਨੀਅਨ’ ਦੇ ਮੀਤ ਪ੍ਰਧਾਨ ਤੀਰਥ ਸਿੰਘ ਰਾਮਪੁਰਾ ਅਤੇ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਵੀ ਫ਼ੈਸਲੇ ਦਾ ਸਵਾਗਤ ਕੀਤਾ। ਰਵੀ ਜਲਾਲ ਨੇ ਸਮੂਹ ਬੱਸ ਅਪਰੇਟਰਾਂ ਦਾ ਧੰਨਵਾਦ ਕੀਤਾ।
ਦੂਜੇ ਪਾਸੇ ‘ਦਿ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਬਠਿੰਡਾ’ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਨੇ ਜਥੇਬੰਦੀ ਦੇ ਅਪਰੇਟਰਾਂ ਨਾਲ ਮੀਟਿੰਗ ਕਰ ਕੇ ਨਵੀਂ ਚੋਣ ਨੂੰ ਅਪਰੇਟਰਾਂ ਵਿੱਚ ‘ਵੰਡ-ਪਾਊ’ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਵੱਲੋਂ ਬਾਹਰੀ ਬੰਦੇ ਲਿਆ ਕੇ ਇਕੱਠ ਵਿਖਾਇਆ ਗਿਆ। ਸ੍ਰੀ ਵਾਂਦਰ ਨੇ ਕਿਹਾ ਕਿ ਉਹ ਢਾਈ ਦਹਾਕਿਆਂ ਤੋਂ ਜਥੇਬੰਦੀ ਦੇ ਆਗੂ ਹਨ ਅਤੇ ਹੁਣ ਵੀ ਯੂਨੀਅਨ ਦੇ ਜ਼ਿਆਦਾਤਰ ਅਪਰੇਟਰ ਉਨ੍ਹਾਂ ਦੇ ਨਾਲ ਹਨ।