ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਮਾਰਚ
ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਮਾਰੇ ਗਏ ਨਵਰੀਤ ਸਿੰਘ ਡਬਿਡਬਿਾ ਅਤੇ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਹਨ ਅਤੇ ਅਰਦਾਸ ਕੀਤੀ ਗਈ ਹੈ। ਅਖੰਡ ਪਾਠ ਦਲ ਖ਼ਾਲਸਾ ਨਾਲ ਸਬੰਧਤ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵਲੋਂ ਰਖਵਾਇਆ ਗਿਆ ਸੀ। ਇਸ ਮੌਕੇ ਕਿਸਾਨ ਸੰਘਰਸ਼ ਨਾਲ ਦ੍ਰਿੜ੍ਹਤਾ ਅਤੇ ਇਸ ਦੀ ਸਫਲਤਾ ਲਈ ਵੀ ਅਰਦਾਸ ਕੀਤੀ ਗਈ। ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਬਿਡਬਿਾ ਨੇ ਇਨਸਾਫ ਮਾਰਚ ਕੱਢਣ ਦਾ ਐਲਾਨ ਕੀਤਾ ਹੈ, ਜੋ 25 ਮਾਰਚ ਨੂੰ ਮੋਗਾ ਤੋਂ ਅਰੰਭ ਹੋ ਕੇ ਦਿੱਲੀ ਸਿੰਘੂ ਬਾਰਡਰ ਤੱਕ ਜਾਵੇਗਾ, ਜਿਸ ਵਿੱਚ ਸ਼ਮੂਲੀਅਤ ਦਾ ਖੁਲ੍ਹਾ ਸੱਦਾ ਦਿੱਤਾ ਗਿਆ। ਅਰਦਾਸ ਮਗਰੋਂ ਨਵਰੀਤ ਸਿੰਘ ਦੇ ਪਰਿਵਾਰਕ ਮੈਂਬਰ, ਹੋਰ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਜੇਲ੍ਹ ਵਿੱਚੋਂ ਰਿਹਾਅ ਹੋਏ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਲਾਲ ਕਿਲ੍ਹਾ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰ ਦੇ ਜੀਆਂ ਨੂੰ ਵੀ ਸਿਰੋਪਾ ਦਿੱਤਾ ਗਿਆ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਬੀਬੀ ਕਿਰਨਜੋਤ ਕੌਰ, ਦਲ ਖ਼ਾਲਸਾ ਦੇ ਕੰਵਰਪਾਲ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲ ਫੈਡਰੇਸ਼ਨ ਦੇ ਨਰੈਣ ਸਿੰਘ ਚੌੜਾ, ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ ਤੇ ਹੋਰ ਆਗੂ ਸ਼ਾਮਲ ਸਨ।