ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਦੇ ਦੋ ਸਹਾਇਕ ਥਾਣੇਦਾਰਾਂ ਦੇ ਕਤਲ ਕੇਸ ਵਿੱਚ ਲੋੜੀਂਦੇ ਅਤੇ ਕੋਲਕਾਤਾ ਵਿੱਚ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਅੱਜ ਪੀਜੀਆਈ ਚੰਡੀਗੜ੍ਹ ਵਿੱਚ ਮੁੜ ਪੋਸਟਮਾਰਟਮ ਕੀਤਾ ਗਿਆ। ਗੈਂਗਸਟਰ ਦਾ ਦੂਜੀ ਵਾਰ ਪੋਸਟ ਮਾਰਟਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਕੀਤਾ ਗਿਆ ਹੈ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੀਜੀਆਈ ਵਿੱਚ ਅੱਜ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਰਹੇ। ਡਾ. ਯੋਗੇਂਦਰ ਬਾਂਸਲ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਪੰਜ ਡਾਕਟਰਾਂ ਦੇ ਪੈਨਲ ਨੇ ਤਕਰੀਬਨ ਪੰਜ ਘੰਟੇ ਵਿੱਚ ਪੋਸਟਮਾਰਟਮ ਕੀਤਾ। ਇਨ੍ਹਾਂ ਵਿੱਚ ਦੋ ਫੋਰੈਂਸਿਕ ਮਾਹਿਰ ਵੀ ਸ਼ਾਮਲ ਸਨ। ਸਵੇਰੇ 11 ਵਜੇ ਸ਼ੁਰੂ ਹੋਇਆ ਪੋਸਟਮਾਰਟਮ ਲਗਪਗ 4 ਵਜੇ ਜਾ ਕੇ ਸਮਾਪਤ ਹੋਇਆ। ਇਸ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਪੈਨਲ ਦੀ ਅਗਵਾਈ ਕਰ ਰਹੇ ਡਾਕਟਰ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟੀਮ ਵਿੱਚ ਸ਼ਾਮਲ ਵੱਖੋ-ਵੱਖਰੇ ਡਾਕਟਰਾਂ ਦੀ ਰਿਪੋਰਟ ਨੂੰ ਮਿਲਾਉਣ ਉਪਰੰਤ ਫਾਈਨਲ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੋਸਟਮਾਰਟਮ ਕਰਵਾਉਣ ਲਈ ਲਾਸ਼ ਇੱਕ ਪ੍ਰਾਈਵੇਟ ਟਰੱਕ ਵਿੱਚ ਲਿਆਂਦੀ ਗਈ। ਟਰੱਕ ਵਿੱਚ ਰੱਖੇ ਫਰੀਜ਼ਰ ਵਿੱਚ ਲਾਸ਼ ਰੱਖੀ ਹੋਈ ਸੀ। ਪੀਜੀਆਈ ਵਿੱਚ ਮੁਰਦਾਘਰ ਦੇ ਬਾਹਰ ਮੀਡੀਆ ਵੱਲੋਂ ਗੱਲਬਾਤ ਦੀ ਕੋਸ਼ਿਸ਼ ਕਰਨ ’ਤੇ ਜੈਪਾਲ ਭੁੱਲਰ ਦੇ ਪਿਤਾ ਤੇ ਸਾਬਕਾ ਇੰਸਪੈਕਟਰ ਭੁਪਿੰਦਰ ਸਿੰਘ ਭੁੱਲਰ ਨੇ ਕੋਈ ਗੱਲ ਕਰਨ ਤੋਂ ਨਾਂਹ ਕਰ ਦਿੱਤੀ। ਚੇਤੇ ਰਹੇ ਕਿ 15 ਮਈ ਨੂੰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜੱਸੀ ਖਰੜ ਨੇ ਜਗਰਾਉਂ ਵਿੱਚ ਪੁਲੀਸ ਨਾਕੇ ਦੌਰਾਨ ਪੰਜਾਬ ਪੁਲੀਸ ਦੇ ਦੋ ਸਹਾਇਕ ਥਾਣੇਦਾਰਾਂ ਬਲਵਿੰਦਰ ਸਿੰਘ ਅਤੇ ਭਗਵਾਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਅਦ ਵਿੱਚ ਇਹ ਦੋਵੇਂ ਗੈਂਗਸਟਰ ਪੱਛਮੀ ਬੰਗਾਲ ਜਾ ਲੁਕੇ ਸਨ। ਉਥੇ ਸਥਾਨਕ ਪੁਲੀਸ ਤੇ ਪੰਜਾਬ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਇਕ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ। ਇਸ ਉਪਰੰਤ ਜੈਪਾਲ ਦੇ ਪਿਤਾ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਦੇ ਪੁੱਤਰ ਦੀ ਹੱਤਿਆ ਮੁਕਾਬਲੇ ਵਿੱਚ ਨਹੀਂ ਹੋਈ ਬਲਕਿ ਪਹਿਲਾਂ ਉਸ ਉੱਤੇ ਤਸ਼ੱਦਦ ਢਾਹੁਣ ਉਪਰੰਤ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਦੂਸਰੀ ਵਾਰ ਪੋਸਟਮਾਰਟਮ ਕਰਵਾਉਣ ਲਈ ਪਹਿਲਾਂ ਹਾਈਕੋਰਟ ਵਿੱਚ ਅਤੇ ਫਿਰ ਸੁਪਰੀਮ ਕੋਰਟ ਵਿੱਚ ਗੁਹਾਰ ਲਗਾਈ ਸੀ। ਇਸ ਉਪਰੰਤ ਹਾਈਕੋਰਟ ਦੇ ਹੁਕਮਾਂ ਉਤੇ ਅੱਜ ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਗਿਆ।