ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 18 ਜਨਵਰੀ
ਵਿਧਾਨ ਸਭਾ ਹਲਕਾ ਕੋਟਕਪੂਰਾ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲਣ ਦੀ ਸਮਰੱਥਾ ਰੱਖਦਾ ਸੀ ਕਿਉਂਕਿ ਇਸ ਖੇਤਰ ਦੇ ਜੰਮਪਲ ਦੇਸ਼ ਦੇ ਸਿਰਮੌਰ ਰਾਸ਼ਟਰਪਤੀ ’ਤੇ ਅਹੁਦੇ ’ਤੇ ਗਿਆਨੀ ਜ਼ੈਲ ਸਿੰਘ, ਸਾਬਕਾ ਸਹਿਕਾਰਤਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਬਰਾੜ ਅਤੇ ਪੰਜਾਬ ਦੀ ਸਿਆਸਤ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲ ਪਰਿਵਾਰ ਦਾ ਜੱਦੀ ਹਲਕਾ ਲੰਬੀ ਵੀ ਕਿਸੇ ਸਮੇਂ ਫ਼ਰੀਦਕੋਟ ਜ਼ਿਲ੍ਹੇ ਦਾ ਹੀ ਹਿੱਸਾ ਸੀ। ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ ਕੁੱਲ 1,50,517 ਵੋਟਰ ਹਨ।
ਇਹ ਹਲਕਾ ਸੰਨ 1972 ਵਿੱਚ ਹੋਂਦ ਵਿੱਚ ਆਇਆ। ਇਸ ਤੋਂ ਪਹਿਲਾਂ ਇਹ ਫ਼ਰੀਦਕੋਟ ਹਲਕੇ ਦਾ ਹਿੱਸਾ ਸੀ। ਸ਼ੁਰੂ ਤੋਂ ਹੁਣ ਤੱਕ ਇਹ ਕਿਸੇ ਵੀ ਸਿਆਸੀ ਪਾਰਟੀ ਦਾ ਗੜ੍ਹ ਨਹੀਂ ਰਿਹਾ। ਇੱਥੇ ਕਦੇ ਅਕਾਲੀ ਦਲ ਤੇ ਕਾਂਗਰਸ ਕਾਬਜ਼ ਹੁੰਦੀ ਰਹੀ। ਸਾਲ 2017 ਵਿੱਚ ਆਪ ਪੱਖੀ ਲਹਿਰ ਹੋਣ ਕਰਕੇ ਕੁਲਤਾਰ ਸੰਧਵਾਂ ਕਾਂਗਰਸ ਦੇ ਭਾਈ ਹਰਨਿਰਪਾਲ ਸਿੰਘ ਕੁੱਕੂ ਤੋਂ 10 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਹਲਕਾ ਸਿਆਸੀ, ਆਰਥਿਕ ਮਾਰ ਝੱਲਦਾ ਰਿਹਾ ਹੈ। ਕੋਟਕਪੂਰਾ ’ਚੋਂ ਤੇਲ ਦੇ ਡਿੱਪੂ ਬਠਿੰਡੇ ਸ਼ਿਫਟ ਹੋਣ ਤੇ ਸਹਿਕਾਰੀ ਕਤਾਈ ਮਿੱਲ ਬੰਦ ਹੋਣ ਕਰਕੇ ਵਪਾਰ ਪੱਖੋਂ ਕਾਫ਼ੀ ਪਛੜਦਾ ਗਿਆ।
ਲੰਮੇ ਸਮੇਂ ਤੋਂ ਕੋਈ ਨਵਾਂ ਉਦਯੋਗ ਨਹੀਂ ਲੱਗਿਆ ਬਲਕਿ ਫੋਕਲ ਪੁਆਇੰਟ ’ਚੋਂ ਬਹੁਤ ਸਾਰੇ ਉਦਯੋਗ ਹੁਣ ਦੂਜੇ ਰਾਜਾਂ ਵਿੱਚ ਚਲੇ ਗਏ ਹਨ। ਹਲਕੇ ਦੇ ਲੋਕ ਲੰਮੇ ਸਮੇਂ ਤੋਂ ਦੂਸ਼ਿਤ ਪਾਣੀ ਪੀਣ ਅਤੇ ਪਾਣੀ ਦੀ ਨਿਕਾਸੀ ਦੀ ਮਾਰ ਝੱਲ ਰਹੇ ਹਨ।
ਹਲਕੇ ਵਿੱਚ ਬਹੁਤ ਸਾਰੇ ਕੰਮ ਹੋ ਸਕਦੇ ਹਨ ਜਿਵੇਂ ਤਿਆਰ ਸੀਵਰੇਜ ਟਰੀਟਮੈਂਟ ਪਲਾਟ ਨੂੰ ਚਾਲੂ ਕਰਨਾ, ਨਗਰ ਕੌਂਸਲ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨਾ, ਟੁੱਟੀਆਂ ਸੜਕਾਂ ਤੇ ਗਲੀਆਂ ਨੂੰ ਪੱਕਾ ਕਰਵਾਉਣਾ ਪਰ ਕਾਂਗਰਸੀਆਂ ਦੀ ਫੁੱਟ ਨੇ ਹੀ ਵਿਕਾਸ ਦੇ ਕੰਮਾਂ ਨੂੰ ਬਰੇਕਾਂ ਲਾ ਦਿੱਤੀਆਂ। ਵਿਧਾਇਕ ਪ੍ਰਤੀ ਵੀ ਲੋਕਾਂ ਵਿਚ ਗੁੱਸਾ ਵੇਖਿਆ ਜਾ ਰਿਹਾ ਹੈ ਕਿ ਸਥਾਨਕ ਮੁੱਦਿਆਂ ਨੂੰ ਛੱਡ ਉਹ ਕੌਮੀ ਤੇ ਕੌਮਾਂਤਰੀ ਮੁੱਦਿਆਂ ਵਿੱਚ ਉਲਝੇ ਰਹੇ।
‘ਆਪ’ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਨਤਾ ਨੇ ਇੱਕ ਮੌਕਾ ਦਿੱਤਾ ਤਾਂ ‘ਆਪ’ ਪੰਜਾਬ ਵਿੱਚ ਬੇਰੁੁਜ਼ਗਾਰੀ, ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਪੁਲਾਂਘਾ ਪੁੱਟੇਗੀ। ਕੇਜਰੀਵਾਲ ਦੀਆਂ ਗਾਰੰਟੀਆਂ ’ਤੇ ਲੋਕ ਭਰੋਸਾ ਕਰਨ ਤੇ ਆਪ ਨੂੰ ਜਿਤਾਉਣ।
ਅਕਾਲੀ ਆਗੂ ਮਨਤਾਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਸਾਰੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਸਭ ਦਾ ਵਿਕਾਸ ਕਰਵਾਏਗੀ। ਅਕਾਲੀ ਦਲ ਨੇ ਹਮੇਸ਼ਾ ਸਾਫ਼-ਸੁਥਰੀ ਰਾਜਨੀਤੀ ਕੀਤੀ ਹੈ। ਹਲਕੇ ਦੇ ਲੋਕਾਂ ਨੇ ਮੌਕਾ ਦਿੱਤਾ ਤਾਂ ਉਹ ਹਲਕੇ ਅੰਦਰ ਵੱਡੇ ਉਦਯੋਗ ਲਿਆਉਣਗੇ ਤਾਂ ਜੋ ਨੌਜਵਾਨਾਂ ਨੂੰ ਰੁੁਜ਼ਗਾਰ ਮਿਲ ਸਕੇ।
ਕਾਂਗਰਸੀ ਆਗੂ ਰਾਹੁਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਲੋਕਾਂ ਨੇ ਫ਼ਤਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਪੰਜ ਸਾਲ ਤੱਕ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਹਾਂ। ਜੇਕਰ ਪਾਰਟੀ ਨੇ ਟਿਕਟ ਦਿੱਤੀ ਤੇ ਅਸੀਂ ਜਿੱਤੇ ਤਾਂ ਹਲਕੇ ਵਿੱਚ ਵਿਕਾਸ ਦੀ ਝੜੀ ਲਾ ਦਿਆਂਗੇ।