ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮਾਨਸਾ/ਸਰਦੂਲਗੜ੍ਹ/ਝੁਨੀਰ, 6 ਜੁਲਾਈ
ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਤੋਂ ਬਾਹਰ ਹੋਣ ਲੱਗਿਆ ਹੈ। ਕਿਸਾਨਾਂ ਵੱਲੋਂ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਲਗਾਤਾਰ ਨਰਮਾ ਵਾਹਿਆ ਜਾ ਰਿਹਾ ਹੈ। ਪਿੰਡ ਝੇਰਿਆਂਵਾਲੀ ਵਿੱਚ ਕਿਸਾਨ ਜਗਦੀਸ਼ ਸਿੰਘ ਨੇ ਚਾਰ ਏਕੜ ਨਰਮਾ ਵਾਹ ਦਿੱਤਾ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਏਸੀ ਦਫ਼ਤਰਾਂ ’ਚੋਂ ਨਾ ਨਿਕਲਣ ਦੇ ਦੋਸ਼ ਲਗਾ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ।
ਇਲਾਕੇ ਦੇ ਪਿੰਡ ਭਲਾਈਕੇ ਵਿੱਚ ਪਰਸੋਂ ਪਿੰਡ ਭਲਾਈਕੇ ਵਿੱਚ ਚਾਰ ਕਿਸਾਨਾਂ ਸੁਖਜਿੰਦਰ ਸਿੰਘ ਨੇ 2.5 ਏਕੜ, ਜਸਕਰਨ ਸਿੰਘ ਨੇ 1 ਏਕੜ, ਗੁਰਦੀਪ ਸਿੰਘ ਨੇ 3 ਏਕੜ ਅਤੇ ਗੁਰਵਿੰਦਰ ਸਿੰਘ ਨੇ 4 ਏਕੜ ਨਰਮਾ ਵਾਹ ਦਿੱਤਾ। ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਖੇਤੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਮਾਹਿਰਾਂ ਨੇ ਕਿਸਾਨਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ ਪਰ ਜਦੋਂ ਕੋਸ਼ਿਸ਼ਾਂ ਸਫ਼ਲ ਨਾ ਹੋਈਆਂ ਤਾਂ ਕਿਸਾਨਾਂ ਨੇ ਲੱਕ-ਲੱਕ ਹੋਇਆ ਨਰਮਾ ਵਾਹ ਦਿੱਤਾ। ਪਿੰਡ ਝੇਰਿਆਂਵਾਲੀ ਦੇ ਕਿਸਾਨ ਜਗਦੀਸ਼ ਸਿੰਘ, ਕੁਲਵੰਤ ਸਿੰਘ ਤੇ ਅੰਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦਾ ਨਰਮੇ ਦਾ ਬੀਜ ਲੈ ਕੇ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਸ਼ਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਦੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਡਰੇ ਹੋਏ ਸਨ, ਪਰ ਵਿਭਾਗ ਦੀਆਂ ਅਪੀਲਾਂ ਤੇ ਦਲੀਲਾਂ ਵਿੱਚ ਆ ਕੇ ਉਨ੍ਹਾਂ ਇਸ ਵਾਰ ਫਿਰ ਨਰਮੇ ਦੀ ਕਾਸ਼ਤ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀਆਂ ਨੇ ਇਸ ਸਾਲ ਬਿਲਕੁਲ ਹਮਲਾ ਨਾ ਹੋਣ ਦੀ ਹਾਮੀ ਭਰੀ ਸੀ। ਉਨ੍ਹਾਂ ਕਿਹਾ ਕਿ ਦਿਲ ’ਤੇ ਪੱਥਰ ਧਰ ਕੇ ਹੱਥੀਂ ਪਾਲੀ ਫਸਲ ਵਾਹੁਣੀ ਔਖਾ ਕਾਰਜ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮਲਕੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਗੁਲਾਬੀ ਸੁੰਡੀ ਕਿਸਾਨਾਂ ਦੀ ਮਿਹਨਤ ਅਤੇ ਉਮੀਦਾਂ ’ਤੇ ਪਾਣੀ ਫੇਰ ਰਹੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਕੀਤੀ ਜਾਵੇ। ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 60,000 ਰੁਪਏ ਮੁਆਵਜ਼ਾ ਦਿੱਤਾ ਜਾਵੇ।
ਖੇਤੀਬਾੜੀ ਵਿਭਾਗ ਵੱਲੋਂ ਸਰਵੇਖਣ ਸ਼ੁਰੂ
ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਅੱਜ ਖੇਤੀਬਾੜੀ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਜਾ ਕੇ ਸਰਵੇਖਣ ਕਰਦਿਆਂ ਕਿਸਾਨਾਂ ਨੂੰ ਹਮਲੇ ਦੀ ਰੋਕਥਾਮ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ। ਬਲਾਕ ਖੇਤੀਬਾੜੀ ਅਫ਼ਸਰ ਝੁਨੀਰ ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਝੁਨੀਰ ਦੀ ਟੀਮ ਵੱਲੋਂ ਪਿੰਡ ਭੰਮੇ ਖੁਰਦ, ਭਲਾਈਕੇ, ਲਾਲਿਆਂਵਾਲੀ, ਕੋਟ ਧਰਮੂ ਆਦਿ ਪਿੰਡਾਂ ਦਾ ਦੌਰਾ ਕਰ ਕੇ ਨਰਮੇ ਦਾ ਸਰਵੇਖਣ ਕੀਤਾ ਗਿਆ| ਇਸ ਦੌਰਾਨ ਪਾਇਆ ਗਿਆ ਕਿ ਨਰਮੇ ’ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਵਧ ਰਿਹਾ ਹੈ। ਉਨ੍ਹਾਂ ਕੁਝ ਕੀਟਨਾਸ਼ਕ ਵੀ ਸਿਫ਼ਾਰਸ਼ ਕੀਤੇ।