ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ
ਪਿੰਡ ਵੜਿੰਗ ਦਾ ਜਸਦੀਪ ਸਿੰਘ ਮੁਕਤਸਰ ਦੇ ਐੱਸਡੀਐੱਮ ਦਫਤਰ ਮੂਹਰੇ ਰਾਤ ਨੂੰ ਡੇਢ ਵਜੇ ਦਾ ਆ ਕੇ ਖੜ੍ਹਾ ਹੈ। ਉਸ ਨੇ ਆਪਣੇ ਟਰੈਕਟਰ ਦਾ ਐੱਨਓਸੀ ਲੈਣਾ ਹੈ। ਉਹ ਕਈ ਹਫ਼ਤਿਆਂ ਤੋਂ ਦਫਤਰ ਦੇ ਗੇੜੇ ਕੱਢ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਸਵੇਰੇ ਅੱਠ ਵਜੇ, ਫਿਰ ਤੜਕੇ ਚਾਰ ਵਜੇ ਤੇ ਫਿਰ ਤੜਕੇ ਤਿੰਨ ਵਜੇ ਦਫ਼ਤਰ ਆਇਆ ਤਾਂ ਵੀ ਉਸ ਦੀ ਵਾਰੀ ਨਹੀਂ ਆਈ ਤਾਂ ਅਖੀਰ ਉਹ ਰਾਤ ਨੂੰ ਡੇਢ ਵਜੇ ਆ ਕੇ ਖੜ੍ਹ ਗਿਆ।
ਉਸ ਨੇ ਦੱਸਿਆ ਕਿ ਰੋਜ਼ 30 ਫਾਈਲਾਂ ਫੜੀਆਂ ਜਾਂਦੀਆਂ ਹਨ ਉਹ ਵੀ ਹਫ਼ਤੇ ‘ਚ ਸਿਰਫ ਤਿੰਨ ਦਿਨ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ। ਜੇ ਇਹੀ ਹਾਲ ਰਿਹਾ ਤਾਂ ਲੋਕ ਰਾਤ ਨੂੰ ਮੰਜੇ ਲਿਆ ਕੇ ਦਫਤਰ ਮੂਹਰੇ ਡਾਹਿਆ ਕਰਨਗੇ। ਇਹੀ ਹਾਲ ਪਿੰਡ ਕੋਟਲੀ ਦੇ ਗੁਰਤੇਜ ਸਿੰਘ, ਮੁਕਤਸਰ ਦੇ ਜੰਗੀਰ ਸਿੰਘ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਦੱਸਿਆ। ਲੋਕਾਂ ਦੀ ਮੰਗ ਹੈ ਕਿ 30 ਫਾਈਲਾਂ ਤੋਂ ਅਗਲੇ ਵਿਅਕਤੀਆਂ ਨੂੰ ਵੇਟਿੰਗ ਨੰਬਰ ਜਾਰੀ ਕੀਤਾ ਜਾਵੇ।