ਪੱਤਰ ਪ੍ਰੇਰਕ
ਚੰਡੀਗੜ੍ਹ, 27 ਨਵੰਬਰ
ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮ ਜਥੇਬੰਦੀਆਂ ਨਾਲ ਅੱਜ ਹੋਈ ਚੌਥੇ ਗੇੜ ਦੀ ਮੀਟਿੰਗ ਵਿੱਚ ਸਰਕਾਰ ਨੇ ਉਨ੍ਹਾਂ ਦੀ ਪੇਅ-ਬੈਂਡ ਵਾਲੀ ਮੰਗ ਪ੍ਰਵਾਨ ਕਰ ਲਈ ਹੈ ਅਤੇ ਪਹਿਲੀ ਦਸੰਬਰ 2011 ਤੋਂ ਪੇਅ-ਬੈਂਡ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਜਾਣਕਾਰੀ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦਿੰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਲਮਕ ਰਹੇ ਮਸਲੇ ਸਬੰਧੀ ਹੋਏ ਇਸ ਫ਼ੈਸਲੇ ਨਾਲ ਬਿਜਲੀ ਮੁਲਾਜ਼ਮਾਂ ਨੂੰ 242 ਕਰੋੜ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਵੇਂ ਹਾਲੇ ਪੇਅ-ਬੈਂਡ ਦਾ ਫ਼ੈਸਲਾ 1.86 ਦੇ ਗੁਣਾਂਕ ਅਨੁਸਾਰ ਨਹੀਂ ਹੋਇਆ ਪਰ ਇਸ ਜਾਰੀ ਕੀਤੇ ਪੇਅ-ਬੈਂਡ ਅਨੁਸਾਰ ਪਹਿਲੀ ਜਨਵਰੀ 2016 ਤੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾਲ ਮੁਲਾਜ਼ਮਾਂ ਦੀ ਤਨਖਾਹ ’ਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਨੇ ਪੇਅ-ਬੈਡ ਦਾ ਮਸਲਾ ਹੱਲ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿ ਸੰਘਰਸ਼ ਦੌਰਾਨ ਬਿਨਾਂ ਮਨਜ਼ੂਰੀ ਤੋਂ ਛੁੱਟੀ ’ਤੇ ਗਏ ਕਰਮਚਾਰੀਆਂ ਦੀ ਛੁੱਟੀ ਦਾ ਸਮਾਂ ਬਣਦੀ ਛੁੱਟੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਲਈ 27 ਨਵੰਬਰ 2021 ਤੋਂ ਹਰ ਤਰ੍ਹਾਂ ਉਲੀਕਿਆ ਸੰਘਰਸ਼ ਵਾਪਿਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰਪੀ ਪਾਂਡਵ, ਡਾਇਰੈਕਟਰ ਵੰਡ ਆਡੀਟਰ, ਬੀਐੱਸ ਗੁਰਮ, ਉਪ-ਸਕੱਤਰ ਆਈਆਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਰਿੰਦਰ ਸੈਣੀ, ਅਵਤਾਰ ਸਿੰਘ ਸ਼ੇਰਗਿੱਲ, ਸੁਰਿੰਦਰ ਪਾਲ ਲਹੌਰੀਆ ਤੇ ਗਰੀਸ਼ ਮਹਾਜਨ ਹਾਜ਼ਰ ਸਨ।