ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 12 ਮਈ
ਸੰਗਰੂਰ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਲੋਕ ਸਭਾ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਬੋਰਡਾਂ ’ਤੇ ਤਾਂ ਨਿਮਾਣੇ ਦਾ ਨਮਨ ਲਿਖਵਾ ਰੱਖਿਆ ਹੈ ਪਰ ਉਨ੍ਹਾਂ ਦੇ ਨਾਲ ਚੱਲ ਰਹੀ ਹੰਕਾਰ ਦੀ ਪੰਡ ਮੁੜ ਤੋਂ ਸਿੰਗਲਾ ਸਾਹਿਬ ਦੀ ਜ਼ਮਾਨਤ ਜ਼ਬਤ ਕਰਵਾਏਗੀ। ਇਹ ਪ੍ਰਗਾਟਾਵਾ ਅੱਜ ਇੱਥੋਂ ਦੇ ਕਸਬਾ ਪ੍ਰਿਥੀਪੁਰ ਬੁੰਗਾ ਵਿੱਚ ਬਾਬੂ ਕਾਂਸ਼ੀ ਰਾਮ ਦੇ ਨਾਨਕੇ ਘਰ ਦੇ ਨਜ਼ਦੀਕ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਐਡਵੋਕੇਟ ਹਰਜੋਤ ਬੈਂਸ ਨੇ ਕੀਤਾ। ਬੈਂਸ ਨੇ ਕਿਹਾ ਕਿ ਬੀਤੇ ਡੇਢ ਦਹਾਕੇ ਤੋਂ ਸ੍ਰੀ ਆਨੰਦਪੁਰ ਸਾਹਿਬ, ਨੰਗਲ ’ਚ ਚੱਲ ਰਹੇ ਗੁੰਡਾ ਰਾਜ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦੋ ਸਾਲਾਂ ਵਿੱਚ ਹੀ ਖਤਮ ਕਰ ਕੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਲੋਕਾਂ ਦੀ ਲਾਸ਼ਾਂ ਤੋਂ ਪੈਸੇ ਕਮਾ ਕੇ ਰਾਜਨੀਤੀ ਕਰਨ ਵਾਲੇ ਇਹ ਦੱਸਣ ਕਿ ਉਹ ਕਿੱਥੋਂ ਦੇ ਰਜਵਾੜੇ ਸਨ, ਜੋ ਅੱਜ ਕਿਰਤ ਕਰਨ ਵਾਲੇ ਗਰੀਬ ਕਮਿੱਕਰ ਸਿੰਘ ਡਾਢੀ ’ਤੇ ਕੁੱਤੇ ਵੇਚਣ ਦੇ ਤਨਜ ਕੱਸ ਰਹੇ ਹਨ। ਬੈਂਸ ਨੇ ਕਿਹਾ ਕਿ ਇਸ ਵਾਰ ਦਾ ਮੁਕਾਬਲਾ ਹੰਕਾਰ ਅਤੇ ਨਿਰਮਤਾ ਦਾ ਹੈ ਤੇ ਹਲਕੇ ਦੇ ਲੋਕ ਵਿਰੋਧੀ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜਬਤ ਕਰਵਾਉਣਗੇ। ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਮੁੱਚੀ ਪਾਰਟੀ ਕਮਿੱਕਰ ਸਿੰਘ ਦੇ ਨਾਲ ਖੜ੍ਹੀ ਹੈ ਤੇ ਉਸ ਨੂੰ ਕਿਸੇ ਤੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਕਾਂਸ਼ੀ ਰਾਮ ਦੇ ਪਿੰਡ ਵਿੱਚ ਹੋਏ ਇਕੱਠ ’ਚ ਦੱਸਦੇ ਇਹ ਮਾਣ ਮਹਿਸੂਸ ਹੋ ਰਿਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਉਸੇ ਸੋਚ ਦੇ ਸਦਕਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਵਿਖਾਏ ਰਸਤੇ ਅਨੁਸਾਰ ਪੰਜਾਬ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਯਤਨ ਕਰ ਰਹੇ ਹਨ।ਇਸ ਤੋਂ ਪਹਿਲਾਂ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਹੰਕਾਰ ਤੇ ਨਿਮਰਤਾ ਦੀ ਲੜਾਈ ਵਿੱਚ ਅਤੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਲੜਾਈ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿਓ।