ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੁਲਾਈ
ਅੱਜ ਇਥੇ ਸ਼ਹਿਰ ਦੇ ਬਾਹਰਵਾਰ ਸਰਹਿੰਦ ਰੋਡ ‘ਤੇ ਹੇਮਕੁੰਟ ਪੈਟਰੋਲ ਪੰਪ ਦੇ ਸਾਹਮਣੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ।
ਮ੍ਰਿਤਕਾਂ ਵਿੱਚ 45 ਸਾਲਾ ਮਨਜੀਤ ਸਿੰਘ ਪੁੱਤਰ ਦਲੀਪ ਸਿੰਘ ਅਤੇ 15 ਸਾਲਾ ਜਸਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੁਰਾਣੀ ਘਾਸਮੰਡੀ ਪਟਿਆਲਾ ਸ਼ਾਮਲ ਹਨ। ਥਾਣਾ ਤਿ੍ਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਭਾਵੇਂ ਕਿ ਪੁਲੀਸ ਵੱਲੋਂ ਅਜੇ ਮੁਕੰਮਲ ਜਾਂਚ ਪੜਤਾਲ ਕੀਤੀ ਜਾਣੀ ਹੈ ਪਰ ਮੁਢਲੀ ਤਫਤੀਸ਼ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਇਹ ਪਿਉ ਪੁੱਤ ਜਦੋਂ ਮੋਟਰਸਾਈਕਲ ‘ਤੇ ਜਾ ਰਹੇ ਸਨ ਤਾਂ ਪਿੱਛੋਂ ਹੌਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਪਿਉ-ਪੁੱਤ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ। ਮਨਜੀਤ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਬੱਚੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਕਾਰ ਚਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।