ਇਕਬਾਲ ਸਿੰਘ ਸ਼ਾਂਤ
ਲੰਬੀ, 10 ਮਾਰਚ
ਸੂਬੇ ਵਿੱਚ ਬਦਲਾਅ ਵਾਲੇ ਲੋਕ-ਫਤਵੇ ਨੇ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਉਮਰ-ਦਰਾਜ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਜਿਹੇ ਵੱਡੇ ਸਿਆਸੀ ਬੋਹੜ ਦਾ ਵੱਕਾਰ ਜੜੋਂ ਪੁੱਟ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੱਡੇ ਬਾਦਲ ਨੂੰ 11,396 ਵੋਟਾਂ ਦੇ ਫ਼ਰਕ ਹਰਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪ੍ਰਕਾਸ਼ ਸਿੰਘ ਬਾਦਲ 1997 ਤੋਂ ਲੰਬੀ ਤੋਂ ਲਗਾਤਾਰ ਵਿਧਾਇਕ ਸਨ। ਕੁੱਲ ਵੋਟਾਂ 1,35,697 ਵਿੱਚੋਂ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 66,313 ਵੋਟਾਂ ਮਿਲੀਆਂ, ਜਦਕਿ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 54917 ਵੋਟਾਂ ਹਾਸਲ ਹੋਈਆਂ। ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਸਿਰਫ਼ 10,136 ਵੋਟਾਂ ’ਤੇ ਸਿਮਟ ਗਏ। ਭਾਜਪਾ ਉਮੀਦਵਾਰ ਰਾਕੇਸ਼ ਧੀਂਗੜਾ ਨੇ 1116, ਅਕਾਲੀ ਦਲ (ਅੰਮ੍ਰਿਤਸਰ) ਦੇ ਜਸਵਿੰਦਰ ਸਿੰਘ ਖਿਉਵਾਲੀ ਨੂੰ 1318, ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਨੂੰ 393 ਅਤੇ ਚਰਨਜੀਤ ਸਿੰਘ ਨੂੰ 278 ਵੋਟਾਂ ਮਿਲੀਆਂ। ਨੋਟਾ ’ਤੇ 1226 ਵੋਟਰਾਂ ਨੇ ਵਿਸ਼ਵਾਸ ਜਤਾਇਆ ਅਤੇ 1260 ਪੇਪਰ ਬੈਲਟ ਵੋਟ ਪਏ। ਲੰਬੀ ’ਚ ਪਹਿਲੀ ਵਾਰ ਅਕਾਲੀ ਦਲ 40.47 ਫ਼ੀਸਦੀ ’ਤੇ ਸਿਮਟਿਆ।
ਮਰਹੂਮ ਸੰਸਦ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਦੀ ਜਿੱਤ ’ਚ ਮਹੇਸ਼ਇੰਦਰ ਸਿੰਘ ਬਾਦਲ ਦੇ ਆਪ-ਮੁਹਾਰੇ ਲਹਿਜੇ ਵਾਲੇ ਹਜ਼ਾਰਾਂ ਸਮਰਥਕਾਂ ਦਾ ਵੀ ਵੱਡਾ ਰੋਲ ਰਿਹਾ ਹੈ। ਵੱਡੇ ਬਾਦਲ ਮੂਹਰੇ ਜਿਹੜਾ ਚਮਤਕਾਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨਾ ਦਿਖਾ ਸਕੇ, ਉਹ 15 ਏਕੜ ਵਾਲੇ ਛੋਟੇ ਕਿਸਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਰ ਵਿਖਾਇਆ। ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਵਿੱਚ ਅਕਾਲੀ ਇੰਚਾਰਜਾਂ ਦਾ ਹਲਕੇ ’ਚ ਸਿਖ਼ਰਲੀ ਜ਼ਮੀਨੀ ਵਿਰੋਧ, ‘ਆਪ’ ਕਾਡਰ ਦੇ ਇਲਾਵਾ ਮਹੇਸ਼ਇੰਦਰ ਬਾਦਲ ਕਾਡਰ ਦੀ ਖੁੱਡੀਆਂ ਨਾਲ ਵੀਹ ਸਾਲਾਂ ਦੀ ਸਾਂਝ ਅਤੇ ਲੋਕਾਂ ’ਚ ਬਦਲਾਅ ਦੀ ਤੀਬਰਤਾ ਸਿਆਸੀ ਗੜ੍ਹ ਦੀਆਂ ਨੀਂਹਾਂ ਹਿਲਾ ਗਈ। 13 ਗੇੜ ਦੀ ਗਿਣਤੀ ਵਿੱਚ ਅਕਾਲੀ ਦਲ ਪੰਜਵੇਂ ਅਤੇ ਨੌਵੇਂ ਰਾਊਂਡ ’ਚ ਕਰਮਵਾਰ 375 ਅਤੇ 159 ਵੋਟਾਂ ਦੀ ਮਾਮੂਲੀ ਬੜਤ ਬਣਾ ਸਕਿਆ।
ਸਰਾਵਾਂ ਜੈਲ ਦੇ ਕਰੀਬ 22 ਪਿੰਡਾਂ ਵਿੱਚ ਗੁਰਮੀਤ ਖੁੱਡੀਆਂ ਦੇ ਭਤੀਜੇ ਧੀਰਾ ਖੁੱਡੀਆਂ ਨੇ ਰਵਾਇਤੀ ਅਕਾਲੀ ਵੋਟ ਬੈਂਕ ਨੂੰ ਸੰਨ੍ਹ ਲਗਾਉਣ ’ਚ ਅਹਿਮ ਰੋਲ ਨਿਭਾਇਆ। ਇਲਾਕੇ ’ਚ ਨਸ਼ਿਆਂ ਦੀ ਬਹੁਤਾਤ ਅਤੇ ਛੋਟੀ ਕਿਸਾਨੀ ਦੀ ਗੈਰ-ਸੁਣਵਾਈ ਨੇ ਵੱਕਾਰੀ ਹਲਕੇ ਦੀ ਵਾਂਗਡੋਰ ਸਾਧਾਰਨ ਕਿਸਾਨ ਗੁਰਮੀਤ ਖੁੱਡੀਆਂ ਦੇ ਹੱਥ ਸੌਂਪ ਦਿੱਤੀ। ਜਿੱਤ ਦਾ ਐਲਾਨ ਹੋਣ ’ਤੇ ਖੁੱਡੀਆਂ ਸਮਰਥਕਾਂ ਨੇ ਗਿਣਤੀ ਕੇਂਦਰ ਦੇ ਨੇੜੇ ਢੋਲ ਦੇ ਡੱਗੇ ’ਤੇ ਰੱਜ ਕੇ ਭੰਗੜੇ ਪਾਏ।
ਬਾਦਲ ਨੂੰ ਹਰਾ ਕੇ ਦਿਲੀ ਖਾਹਿਸ਼ ਪੂਰੀ ਹੋਈ: ਖੁੱਡੀਆਂ
ਲੰਬੀ ਤੋਂ ਜੇਤੂ ਰਹੇ ਗੁਰਮੀਤ ਸਿੰਘ ਖੁੱਡੀਆਂ ਨੇ ਗੱਲ ਕਰਦਿਆਂ ਕਿਹਾ ਕਿ ਉਹ ‘ਆਪ’ ਦੇ ਸਮੂਹ ਵੋਟਰਾਂ ਸਮੇਤ ਉਨ੍ਹਾਂ ਅਕਾਲੀ ਅਤੇ ਹੋਰਨਾਂ ਪਾਰਟੀਆਂ ਦੇ ਪਰਿਵਾਰਾਂ ਦੇ ਵੀ ਰਿਣੀ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਵੋਟਾਂ ਪਾਈਆਂ। ਬਾਦਲ ਜਿਹੇ ਵੱਡੇ ਸਿਆਸੀ ਚਿਹਰੇ ਨੂੰ ਹਰਾਉਣ ਉਪਰੰਤ ਆਗਾਮੀ ਕੈਬਨਿਟ ਦਾ ਹਿੱਸਾ ਬਣਨ ਬਾਰੇ ਪੁੱਛੇ ਸੁਆਲ ’ਤੇ ਖੁੱਡੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੂਹਰੇ ਬਹੁਤ ਲੰਮੇ ਤੋਂ ਚੋਣ ਲੜਨਾ ਚਾਹੁੰਦੇ ਸਨ, ਹੁਣ ਸ੍ਰੀ ਬਾਦਲ ਦੀ ਉਮਰ ਵੱਡੀ ਹੁੰਦੀ ਜਾ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਫ਼ਿਕਰ ਸੀ ਕਿ ਇਹ ਖੁਹਾਇਸ਼ ਅਧੂਰੀ ਨਾ ਰਹਿ ਜਾਵੇ ਪਰ ਉਸ ਨੂੰ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਕੇ ਪੂਰਾ ਹੋਣ ਦਾ ਮੌਕਾ ਮਿਲ ਸਕਿਆ। ਉਨ੍ਹਾਂ ਕਿਹਾ ਕਿ ਲੰਬੀ ਦੇ ਮਾਣਮੱਤੇ ਲੋਕਾਂ ਵੱਲੋਂ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾਉਣ ਦਾ ਮੌਕਾ ਦੇਣਾ ਮੰਤਰੀ ਬਣਨ ਨਾਲੋਂ ਕਈ ਗੁਣਾ ਵੱਡੀ ਪ੍ਰਾਪਤੀ ਹੈ।