ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ
ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਮੁਕਤਸਰ ਦੇ ਵਿਦਿਆਰਥੀ ਪੁਨੀਤ ਰਾਜੌਰੀਆ (19) ਦੀ 10 ਜੂਨ ਨੂੰ ਕੈਨੇਡਾ ਵਿੱਚ ਬਲੱਡ ਕੈਂਸਰ ਕਾਰਨ ਮੌਤ ਹੋ ਗਈ ਸੀ। ਉਹ ਦਸੰਬਰ 2018 ਵਿੱਚ ਕੈਨੇਡਾ ਦੇ ਸੂਬੇ ਓਂਟਰੀਓ ਦੇ ਸ਼ਹਿਰ ਉਸ਼ਾਵਾ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਗਿਆ ਸੀ। ਹੁਣ ਉਸ ਦੇ ਪਿਤਾ ਦਵਿੰਦਰ ਰਜੌਰੀਆ ਜੋ ਮੁਕਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਪ੍ਰਿੰਸੀਪਲ ਹਨ, ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ।
ਇਸੇ ਤਰ੍ਹਾਂ ਪਿੰਡ ਭੰਗੇਵਾਲਾ ਦੇ ਮਜ਼ਦੂਰ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਸੁਖਮੰਦਰ ਸਿੰਘ (32) ਨੂੰ ਇਸ ਆਸ ਨਾਲ ਦੁਬਈ ਭੇਜਿਆ ਸੀ ਕਿ ਉਹ ਉਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਬਣੇਗਾ। ਸੁਖਮੰਦਰ ਸਿੰਘ ਦੁਬਈ ਵਿੱਚ ਬਿਨ ਲਾਦੇਨ ਨਾਮ ਦੀ ਕੰਪਨੀ ਵਿੱਚ ਕੰਮ ਕਰਦਾ ਸੀ ਕਿ ਅਚਾਨਕ 23 ਜੂਨ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ। ਹੁਣ ਗਰੀਬ ਪਰਿਵਾਰ ਪੁੱਤਰ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਕਰਨ ਦੇ ਕਾਗਜ਼ੀ ਜਾਲ ਵਿੱਚ ਫਸਿਆ ਹੋਇਆ ਹੈ। ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਕਿਹਾ ਕਿ ਮ੍ਰਿਤਕ ਸੁਖਮੰਦਰ ਸਿੰਘ ਦੀ ਦੇਹ ਨੂੰ ਦੁਬਈ ਤੋ ਅੰਮ੍ਰਿਤਸਰ ਹਵਾਈ ਅੱਡੇ ਤੱਕ ਲਿਆਉਣ ਦਾ ਸਾਰਾ ਪ੍ਰਬੰਧ ਟਰੱਸਟ ਵੱਲੋ ਕੀਤਾ ਗਿਆ ਹੈ।