ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਜੁਲਾਈ
ਨਸ਼ਿਆਂ ਕਾਰਨ ਚੜ੍ਹਦੀ ਉਮਰੇ ਜਹਾਨ ਛੱਡ ਗਏ ਪੁੱਤ ਦੇ ਵਿਛੋੜੇ ਦਾ ਦਰਦ ਮਾਪਿਆਂ ਨੂੰ ਵੱਢ ਵੱਢ ਖਾ ਰਿਹਾ ਹੈ। ਵਿਛੋੜੇ ਦੀ ਇਹ ਚੀਸ ਮਾਪਿਆਂ ਲਈ ਮੌਤ ਤੱਕ ਖ਼ਤਮ ਨਹੀਂ ਹੁੰਦੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੇ ਇੱਕ ਪਰਿਵਾਰ ਦਾ ਇੱਕਲੌਤਾ ਪੁੱਤ ਨਸ਼ੇ ਦੀ ਦਲਦਲ ’ਚ ਧਸ ਗਿਆ ਅਤੇ ਮਾਪਿਆਂ ਨੂੰ ਰੋਂਦਾ ਛੱਡ ਗਿਆ। ਜ਼ਿਮੀਂਦਾਰ ਪਰਿਵਾਰ ਦਾ ਗੁਰਕੀਰਤ ਸਿੰਘ 24 ਸਾਲ ਦੀ ਉਮਰੇ ਨਸ਼ੇ ਦੀ ਤੋਟ ਕਾਰਨ ਖ਼ੁਦਕੁਸ਼ੀ ਕਰ ਗਿਆ। ਗੁਰਕੀਰਤ ਅਤੇ ਉਸ ਦੇ ਦੋਸਤ ਦੀ ਲਾਸ਼ ਪਿੰਡ ਦੀ ਦਾਣਾ ਮੰਡੀ ਵਿੱਚੋਂ ਮਿਲੀ। ਦੋਵਾਂ ਦੀ ਮੌਤ ਦਾ ਕਾਰਨ ਨਸ਼ੇ ਦੀ ਤੋਟ ਦੱਸਿਆ ਗਿਆ। ਇਹ ਘਟਨਾ 25 ਜੁਲਾਈ 2019 ਨੂੰ ਵਾਪਰੀ। ਇਸ ਘਟਨਾ ਨੇ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ ਖੜ੍ਹੇ ਕੀਤੇ ਹਨ।
ਗੁਰਕੀਰਤ ਦੀ ਮਾਂ ਦਾ ਹੱਡਬੀਤੀ ਸੁਣਾਉਂਦੇ ਹੋਏ ਕਈ ਵਾਰ ਗੱਚ ਭਰ ਆਇਆ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਗੁਰੂਘਰ ਮੱਥਾ ਟੇਕ ਕੇ ਘਰ ਮੁੜੀ ਸੀ ਕਿ ਪੁੱਤ ਦੀ ਮੌਤ ਦਾ ਪਹਾੜ ਡਿੱਗ ਗਿਆ। ਗੁਰਕੀਰਤ ਘਟਨਾ ਵਾਲੇ ਇੱਕ ਦਿਨ ਪਹਿਲਾਂ ਸ਼ਾਮ 4 ਵਜੇ ਘਰੋਂ ਆਪਣੇ ਦੋਸਤਾਂ ਕੋਲ ਜਾਣ ਦੇ ਬਹਾਨੇ ਗਿਆ ਸੀ ਅਤੇ ਸਾਰੀ ਰਾਤ ਨਹੀਂ ਪਰਤਿਆ। ਉਸ ਦਾ ਫ਼ੋਨ ਵੀ ਬੰਦ ਆਉਂਦਾ ਰਿਹਾ। ਆਖ਼ਰ ਸਵੇਰ ਹੁੰਦਿਆਂ ਉਸ ਦੀ ਮੌਤ ਦੀ ਖ਼ਬਰ ਹੀ ਘਰ ਆਈ। ਗੁਰਕੀਰਤ ਬਾਰ੍ਹਵੀਂ ਪਾਸ ਸੀ ਅਤੇ ਲੁਧਿਆਣਾ ਵਿਚ ਇੱਕ ਟਰਾਂਸਪੋਰਟ ਵਿੱਚ ਕੰਮ ਕਰਦਾ ਰਿਹਾ ਸੀ। ਪਰਿਵਾਰ ਨੇ ਕਦੇ ਵੀ ਉਸ ਨੂੰ ਨਸ਼ੇ ਦੀ ਹਾਲਤ ’ਚ ਨਹੀਂ ਦੇਖਿਆ ਪਰ ਲੁਧਿਆਣੇ ਤੋਂ ਪਰਤ ਕੇ ਖ਼ੁਦ ਗੁਰਕੀਰਤ ਨੇ ਆਪਣੇ ਮਾਪਿਆਂ ਨੂੰ ਨਸ਼ੇ ਦੀ ਆਦਤ ਬਾਰੇ ਦੱਸਿਆ ਅਤੇ ਇਲਾਜ ਕਰਵਾਉਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦਾ ਇਲਾਜ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਤੋਂ ਸ਼ੁਰੂ ਕਰਵਾਇਆ। ਇਸ ਤੋਂ ਕਈ ਮਹੀਨੇ ਬਾਅਦ ਗੁਰਕੀਰਤ ਠੀਕ ਰਿਹਾ ਪਰ ਮੌਤ ਦਾ ਕਾਰਨ ਨਸ਼ਾ ਹੀ ਬਣਿਆ। ਗੁਰਕੀਰਤ ਨੇ ਕੁਝ ਸਮਾਂ ਪਹਿਲਾਂ ਹੀ ਦਿੱਲੀ ਦੀ ਇੱਕ ਕੁੜੀ ਨਾਲ ਲਵ ਮੈਰਿਜ ਕਰਵਾਈ ਸੀ ਜੋ ਉਸ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ ਆਪਣੇ ਪੇਕੇ ਚਲੀ ਗਈ ਅਤੇ ਮੁੜ ਕੇ ਨਹੀਂ ਆਈ।
ਘਰ ’ਚ ਹੁਣ ਸਿਰਫ਼ ਗੁਰਕੀਰਤ ਦੇ ਬਜ਼ੁਰਗ ਮਾਂ-ਪਿਉ ਹੀ ਰਹਿ ਰਹੇ ਹਨ। ਗੁਰਕੀਰਤ ਦੀ ਮੌਤ ਦੇ ਕੁਝ ਮਹੀਨੇ ਬਾਅਦ ਉਸ ਦੀ ਭੈਣ ਦਾ ਵਿਆਹ ਕਰ ਦਿੱਤਾ ਗਿਆ। ਉਸ ਦੀ ਬਿਰਧ ਮਾਂ ਨੇ ਦੱਸਿਆ ਕਿ ਗੁਰਕੀਰਤ ਉਨ੍ਹਾਂ ਦੇ ਵਿਆਹ ਤੋਂ 8 ਸਾਲ ਬਾਅਦ ਹੋਇਆ ਸੀ। ਬੇਜ਼ਮੀਨੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਦੀ ਹਰ ਰੀਝ ਪੂਰੀ ਕੀਤੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਜ਼ੁਰਗ ਪਿਓ ਸਾਰੀ ਉਮਰ ਡਰਾਈਵਰੀ ਕਰਦਾ ਰਿਹਾ ਪਰ ਹੁਣ ਬੱਸਾਂ ’ਤੇ ਹਾਕਰ ਦਾ ਕੰਮ ਕਰਕੇ ਪੇਟ ਪਾਲ ਰਿਹਾ ਹੈ। ਜੇਕਰ ਪੁੱਤ ਜਿਉਂਦਾ ਹੁੰਦਾ ਤਾਂ ਸ਼ਾਇਦ ਬਜ਼ੁਰਗ ਪਿਓ ਨੂੰ ਇਸ ਉਮਰ ’ਚ ਘਰ ਦੇ ਗੁਜ਼ਾਰੇ ਲਈ ਬੱਸਾਂ ਦੇ ਹੋਕੇ ਨਾ ਲਾਉਣੇ ਪੈਂਦੇ। ਪੁੱਤ ਤਾਂ ਭਾਵੇਂ ਨਸ਼ਿਆਂ ਕਾਰਨ ਦੁਨੀਆ ਛੱਡ ਗਿਆ ਪਰ ਉਸ ਦੇ ਮਾਪੇ ਰੋਜ਼ਾਨਾ ਪੁੱਤ ਦੀ ਫ਼ੋਟੋ ਦੇਖ ਪਲ-ਪਲ ਮਰ ਰਹੇ ਨੇ।
ਗੁਰਕੀਰਤ ਦੀ ਮਾਂ ਦੇ ਮੂੰਹੋਂ ਪਲ-ਪਲ ਇਹੀ ਨਿਕਲਦੈ ਕਿ ਕਿਸੇ ਦਾ ਪੁੱਤ ਭਰ ਜਵਾਨੀ ਜਹਾਨੋਂ ਨਾ ਜਾਵੇ। ਪੁੱਤ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ। ਉਸ ਨੇ ਸੰਦੇਸ਼ ਦਿੱਤਾ ਕਿ ਉਸ ਦਾ ਪੁੱਤ ਭਾਵੇਂ ਚਲਾ ਗਿਆ ਪਰ ਜਿਨ੍ਹਾਂ ਦੇ ਪੁੱਤ ਰਹਿੰਦੇ ਨੇ ਉਨ੍ਹਾਂ ਨੂੰ ਇਸ ਨਸ਼ੇ ਦੇ ਦੈਂਤ ਤੋਂ ਜ਼ਰੂਰ ਬਚਾਇਆ ਜਾ ਸਕਦੈ।