ਚਰਨਜੀਤ ਭੁੱਲਰ
ਚੰਡੀਗੜ੍ਹ, 29 ਸਤੰਬਰ
ਮੁੱਖ ਅੰਸ਼
- ਟਰਾਂਸਪੋਰਟ ਮੰਤਰੀ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ; ਅਧਿਕਾਰੀਆਂ ਤੋਂ ਨਵੇਂ ਟਾਈਮ-ਟੇਬਲਾਂ ਦੀਆਂ ਤਜਵੀਜ਼ਾਂ ਮੰਗੀਆਂ
- ਦੋ ਦਿਨਾਂ ’ਚ ਬੱਸ ਅੱਡਿਆਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਵਿੱਚ ਵੱਡੇ ਘਰਾਣਿਆਂ ਦੀਆਂ ਨਿੱਜੀ ਬੱਸਾਂ ਦਾ ਪੱਖ ਪੂਰਨ ਵਾਲੇ ‘ਟਾਈਮ-ਟੇਬਲਾਂ’ ਨੂੰ ਦਰੁਸਤ ਕਰਨ ਦੇ ਹੁਕਮ ਕੀਤੇ ਹਨ। ਇਸ ਨਾਲ ਪਬਲਿਕ ਟਰਾਂਸਪੋਰਟ ਅਤੇ ਸਾਧਾਰਨ ਬੱਸ ਮਾਲਕਾਂ ਨੂੰ ਨਿਆਂ ਮਿਲਣ ਦੀ ਉਮੀਦ ਹੈ। ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ-ਟੇਬਲਾਂ ਦੀਆਂ ਤਜਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਹੈ ਤਾਂ ਜੋ ਸਾਰੀਆਂ ਬੱਸਾਂ ਨੂੰ ਅੱਡਿਆਂ ’ਤੇ ਬਰਾਬਰ ਸਮਾਂ ਮਿਲ ਸਕੇ।
ਟਰਾਂਸਪੋਰਟ ਮੰਤਰੀ ਨੇ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ’ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ ਹੈ। ਅੱਜ ਇੱਥੇ ਪੰਜਾਬ ਭਵਨ ਵਿੱਚ ਸੂਬਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਅੱਡਿਆਂ ਵਿੱਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਾ ਰਹੇ ਹਨ| ਉਨ੍ਹਾਂ ਸੂਬੇ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ ਅਤੇ ਆਰਟੀਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੀਤੇ ਲੰਮੇ ਸਮੇਂ ਤੋਂ ਜਿਨ੍ਹਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਨ੍ਹਾਂ ਤੋਂ ਟੈਕਸ ਉਗਰਾਹੀ ਤੇਜ਼ ਕੀਤੀ ਜਾਵੇ ਅਤੇ ਟੈਕਸ ਦੇਣ ਤੋਂ ਆਨਾਕਾਨੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਆਪਣੀ ਡਿਊਟੀ ਬਿਨਾਂ ਕਿਸੇ ਡਰ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨਿੱਜੀ ਬੱਸਾਂ ਦੀ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਕੀਤੇ। ਉਨ੍ਹਾਂ ਸੂਬੇ ਦੇ ਬੱਸ ਅੱਡਿਆਂ ਅਤੇ ਬੱਸਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਹਰ ਡਿੱਪੂ ਦੇ ਜੀਐੱਮ ਦੀ ਜ਼ਿੰਮੇਵਾਰੀ ਤੈਅ ਕੀਤੀ ਤੇ ਜ਼ਿਲ੍ਹਾ ਡਿਪੂਆਂ ਵਿੱਚ ਪਿਆ ਕਬਾੜ ਅਗਲੇ ਪੰਦਰਾਂ ਦਿਨਾਂ ਵਿੱਚ ਨਿਲਾਮ ਕਰਨ ਦੇ ਹੁਕਮ ਦਿੱਤੇ ਹਨ।
ਛੋਟੇ ਟਰਾਂਸਪੋਰਟਰਾਂ ਨੂੰ ਰਾਜਾ ਵੜਿੰਗ ਤੋਂ ਵੱਡੀਆਂ ਆਸਾਂ
ਮਾਨਸਾ (ਜੋਗਿੰਦਰ ਸਿੰਘ ਮਾਨ): ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਬਣਨ ਮਗਰੋਂ ਵੱਡੇ ਟਰਾਂਸਪੋਰਟਰਾਂ ਨੂੰ ਮੁਸ਼ਕਲ ਅਤੇ ਛੋਟਿਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਨਵੇਂ ਮੰਤਰੀ ਵੱਲੋਂ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਤੋਂ ਪਲੇਠੀ ਮੀਟਿੰਗ ਵਿੱਚ ਲਏ ਗਏ ਸੁਝਾਵਾਂ ਤੋਂ ਬਾਅਦ ਮਿੰਨੀ ਬੱਸਾਂ ਅਤੇ ਵੱਡੇ ਘਰਾਂ ਤੋਂ ਔਖੇ ਆਮ ਬੱਸ ਮਾਲਕਾਂ ਨੂੰ ਵੱਡੀ ਰਾਹਤ ਮਿਲਣ ਦੀਆਂ ਆਸਾਂ ਹਨ। ਇਸ ਸਬੰਧੀ ਛੋਟੇ ਟਰਾਂਸਪੋਰਟਰਾਂ ਵੱਲੋਂ ਮਾਲਵਾ ਖੇਤਰ ਵਿੱਚ ਸਵਾਰੀਆਂ ਨੂੰ ਲੱਡੂ ਵੀ ਵੰਡੇ ਗਏ। ਮਾਲਵਾ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਪਿਛਲੇ ਸਾਢੇ 14 ਸਾਲਾਂ ਤੋਂ ਸਹੀ ਰੂਪ ਵਿੱਚ ਟਾਈਮ-ਟੇਬਲ ਨਹੀਂ ਬਣਾਇਆ ਗਿਆ, ਜਿਸ ਕਾਰਨ ਛੋਟੇ ਟਰਾਂਸਪੋਰਟਰਾਂ ਦੇ ‘ਗਲਾਂ ਵਿੱਚ ਅੰਗੂਠਾ’ ਦਿੱਤਾ ਹੋਇਆ ਸੀ। ਉਹ ਇਕਸਾਰ ਸਮਾਂ ਸਾਰਣੀ ਕਰਨ ਲਈ ਅਦਾਲਤ ਵਿੱਚ ਵੀ ਗਏ, ਪਰ ਉਨ੍ਹਾਂ ਨੂੰ ਕਿਸੇ ਪਾਸਿਓਂ ਵੀ ਇਨਸਾਫ਼ ਨਹੀਂ ਮਿਲਿਆ। ਹੁਣ ਇਸ ਮਹਿਕਮੇ ਦੀ ਵਾਗਡੋਰ ਰਾਜਾ ਵੜਿੰਗ ਨੂੰ ਮਿਲਣ ਨਾਲ ਇਨਸਾਫ਼ ਦੀ ਉਮੀਦ ਬੱਝ ਗਈ ਹੈ। ਟਰਾਂਸਪੋਰਟ ਮਹਿਕਮੇ ਦੇ ਐਡਵੋਕੇਟ ਹਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਰੂਟਾਂ ਦੇ ਵਾਧੇ-ਘਾਟੇ ਅਤੇ ਨਵੀਨੀਕਰਨ ਦੇ ਉਲਝੇ ਹੋਏ ਮਾਮਲੇ ਨੂੰ ਲਾਗੂ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਾਜਾ ਵੜਿੰਗ ਸਿਰ ਆ ਪਈ ਹੈ, ਜਿਸ ਨਾਲ ਛੋਟੇ ਨਿੱਜੀ ਟਰਾਂਸਪੋਰਟਰਾਂ ਦਾ ਭਵਿੱਖ ਅਤੇ ਵੱਡਿਆਂ ਘਰਾਂ ਦੀਆਂ ਬੱਸਾਂ ਦੀ ਅਜ਼ਾਰੇਦਾਰੀ ਦਾ ਫੈਸਲਾ ਵੀ ਹੋਵੇਗਾ।