ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 31 ਜੁਲਾਈ
ਇੱਥੋਂ ਨੇੜਲੇ ਪਿੰਡ ਦਾਦੂ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅੱਜ ਮਿਲਣ ਲਈ ਆਉਣਾ ਸੀ ਪਰ ਜਿਉਂ ਹੀ ਇਸ ਦੀ ਭਿਣਕ ਇਲਾਕੇ ਦੇ ਕਿਸਾਨਾਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਦਾਦੂ ਵਿੱਚ ਇਕੱਠੇ ਹੋਣੇ ਲੱਗੇ। ਕਿਸਾਨਾਂ ਨੇ ਭਾਜਪਾ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਤੇ ਥੋੜੇ ਹੀ ਸਮੇਂ ਵਿੱਚ ਪਿੰਡ ਦਾਦੂ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ। ਇਸ ਮਗਰੋਂ ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ ਅੱਗੇ ਧਰਨਾ ਲਾ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਕਿਸਾਨ ਆਗੂ ਲਖਵਿੰਦਰ ਸਿੰਘ ਔਲਖ, ਗੁਰਦਾਸ ਸਿੰਘ ਲੱਕੜਵਾਲੀ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਭਾਜਪਾ ਦੇ ਆਗੂਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਜੈ ਸਾਂਪਲਾ ਦੇ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨ ਦੀ ਸੂਹ ਮਿਲਦਿਆਂ ਹੀ ਵੱਡੀ ਗਿਣਤੀ ’ਚ ਕਿਸਾਨ ਆਪਣੇ ਪੱਧਰ ’ਤੇ ਇਕੱਠੇ ਹੋ ਗਏ। ਕਿਸਾਨਾਂ ਨੇ ਪਿੰਡ ਦਾਦੂ ਵਿੱਚ ਆਉਣ ਵਾਲੀਆਂ ਸਾਰੀਆਂ ਸੜਕਾਂ ਅਤੇ ਹੋਰ ਰਸਤਿਆਂ ’ਤੇ ਟਰੈਕਟਰ-ਟਰਾਲੀਆਂ ਲਾ ਕੇ ਰਾਹ ਬੰਦ ਕਰ ਦਿੱਤੇ ਤਾਂ ਜੋ ਕੋਈ ਵੀ ਬਾਹਰੋਂ ਪਿੰਡ ਵਿੱਚ ਦਾਖਲ ਨਾ ਹੋ ਸਕੇ। ਇਸ ਮੌਕੇ ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਹਿੱਤ ਭਾਰੀ ਗਿਣਤੀ ਵਿਚ ਆਰਏਐੱਫ ਅਤੇ ਹਰਿਆਣਾ ਪੁਲੀਸ ਤੈਨਾਤ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਭਾਜਪਾ ਆਗੂ ਵਿਜੈ ਸਾਂਪਲਾ ਪਿੰਡ ਦਾਦੂ ਨਹੀਂ ਆਏ ਸਨ। ਆਗੂਆਂ ਨੇ ਕਿਹਾ ਕਿ ਉਹ ਦੇਰ ਰਾਤ ਤੱਕ ਧਰਨਾ ਜਾਰੀ ਰੱਖਣਗੇ।
ਕਿਸਾਨਾਂ ਨੇ ਤਲਵੰਡੀ ਸਾਬੋ ’ਚ ਵਿਜੈ ਸਾਂਪਲਾ ਦਾ ਰਾਹ ਰੋਕਿਆ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਪਿੰਡ ਦਾਦੂ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਜਾ ਰਹੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੂੰ ਅੱਜ ਤਲਵੰਡੀ ਸਾਬੋ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਭਾਜਪਾ ਆਗੂ ਦਾ ਰਾਹ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਭਾਰੀ ਪੁਲੀਸ ਫੋਰਸ ਨੇ ਧੱਕਾ-ਮੁੱਕੀ ਤੇ ਖਿੱਚ-ਧੂਹ ਕਰਕੇ ਕਿਸਾਨਾਂ ਨੂੰ ਰਸਤੇ ਵਿੱਚੋਂ ਹਟਾ ਕੇ ਵਿਜੈ ਸਾਂਪਲਾ ਨੂੰ ਲੰਘਾਇਆ ਤੇ ਪੁਲੀਸ ਭਾਜਪਾ ਆਗੂ ਨੂੰ ਸੁਰੱਖਿਅਤ ਹਰਿਆਣਾ ਦੀ ਹੱਦ ਤੱਕ ਛੱਡ ਕੇ ਆਈ। ਰੋਹ ਵਿੱਚ ਆਏ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਵਿਜੈ ਸਾਂਪਲਾ ਦਾ ਰੋੜੀ ਰੋਡ ਸਥਿਤ ਇੱਕ ਮੈਰਿਜ ਪੈਲੇਸ ਤੱਕ ਮੋਟਰਸਾਈਕਲਾਂ ’ਤੇ ਪਿੱਛਾ ਵੀ ਕੀਤਾ। ਕਿਸਾਨਾਂ ਦੀ ਅਗਵਾਈ ਕਰ ਰਹੇ ਬੀਕੇਯੂ (ਉਗਰਾਹਾਂ)ਦੇ ਬਲਾਕ ਪ੍ਰਧਾਨ ਬਿੰਦਰ ਸਿੰਘ ਜੋਗੇਵਾਲਾ ਨੇ ਕਿਹਾ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਆਗੂਆਂ, ਮੰਤਰੀਆਂ ਦਾ ਵਿਰੋਧ ਜਾਰੀ ਰਹੇਗਾ। ਕਿਸਾਨਾਂ ਨੇ ਅੱਜ ਵਿਰੋਧ ਮੌਕੇ ਪੁਲੀਸ ’ਤੇ ਕਥਿਤ ਲਾਠੀਚਾਰਜ ਕਰਨ ਦੇ ਦੋਸ਼ ਵੀ ਲਾਏ ਪਰ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ।
ਬਿਨਾਂ ਬੁਲਾਏ ਸਮਾਗਮ ’ਚ ਪੁੱਜੇ ਭਾਜਪਾ ਆਗੂ ਦਾ ਵਿਰੋਧ
ਸਿਰਸਾ (ਪ੍ਰਭੂ ਦਿਆਲ): ਇੱਥੋਂ ਨੇੜਲੇ ਪਿੰਡ ਮੰਗਾਲਾ ਵਿੱਚ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਰਾਮਚੰਦਰ ਕੰਬੋਜ ਦਾ ਕਿਸਾਨਾਂ ਨੇ ਵਿਰੋਧ ਕਰਦਿਆਂ ਉਨ੍ਹਾਂ ਨੂੰ ਪ੍ਰੋਗਰਾਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪਿੰਡ ਮੰਗਾਲਾ ਵਿੱਚ ਅੱਜ ਯੁਵਾ ਸੰਗਠਨਾਂ ਅਤੇ ਕੰਬੋਜ ਸਭਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਮੌਕੇ ਇੱਕ ਨਿੱਜੀ ਪੈਲੇਸ ਵਿੱਚ ਸ਼ਹੀਦੀ ਸਮਾਰੋਹ ਸਬੰਧੀ ਸਮਾਗਮ ਰੱਖਿਆ ਸੀ। ਇਸ ਦੌਰਾਨ ਰਾਣੀਆਂ ਦੇ ਸਾਬਕਾ ਵਿਧਾਇਕ ਰਾਮਚੰਦਰ ਕੰਬੋਜ ਕਥਿਤ ਤੌਰ ’ਤੇ ਬਿਨਾਂ ਬੁਲਾਏ ਸਮਾਗਮ ’ਚ ਪਹੁੰਚ ਗਏ, ਜਿਸ ’ਤੇ ਕਿਸਾਨ ਭੜਕ ਗਏ ਅਤੇ ਭਾਜਪਾ ਸਰਕਾਰ ਅਤੇ ਰਾਮਚੰਦਰ ਕੰਬੋਜ ਖ਼ਿਲਾਫ਼ ਨਾਅਰੇਬਾਜੀ ਕਰਕੇ ‘ਵਾਪਸ ਜਾਓ’ ਦੇ ਨਾਅਰੇ ਲਗਾਉਣ ਲੱਗੇ ਤਾਂ ਰਾਮਚੰਦਰ ਨੇ ਪੈਲੇਸ ਤੋਂ ਵਾਪਸ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ। ਕਿਸਾਨਾਂ ਨੇ ਸਾਬਕਾ ਵਿਧਾਇਕ ਦੇ ਵਾਪਸ ਜਾਣ ਤੱਕ ਨਾਅਰੇਬਾਜ਼ੀ ਜਾਰੀ ਰੱਖੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਬਕਾ ਵਿਧਾਇਕ ਭਵਿੱਖ ਵਿੱਚ ਕਿਸੇ ਪਿੰਡ ਵਿੱਚ ਗਏ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਆਪਣੀ ਹੋਵੇਗੀ। ਹਰਿਆਣਾ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਰੋਸ਼ਨ ਸੁਚਾਨ ਨੇ ਕਿਹਾ ਕਿ ਜਦੋਂ ਕਿਸਾਨ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਅਤੇ ਵਿਚਾਰਧਾਰਾ ਨੂੰ ਯਾਦ ਕਰ ਰਹੇ ਹਨ ਤਾਂ ਪੂੁੰਜਪਤੀਆਂ ਦੇ ਦਲਾਲ ਆਗੂ ਸ਼ਹੀਦੀ ਸਮਾਰੋਹਾਂ ਵਿੱਚ ਆ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਤੇ ਜਜਪਾ ਆਗੂਆਂ ਦਾ ਬਾਈਕਾਟ ਜਾਰੀ ਰਹੇਗਾ।