ਸ਼ਗਨ ਕਟਾਰੀਆ
ਬਠਿੰਡਾ, 27 ਜਨਵਰੀ
ਇੱਥੇ ਏਮਜ਼ ’ਚ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ। ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਇਥੇ ਏਮਜ਼ ’ਚ ਗੁਰਦਿਆਂ ਦੀ ਪੱਥਰੀ ਕੱਢਣ ਵਾਲੀ ਅਤਿ-ਆਧੁਨਿਕ ਮਸ਼ੀਨ ਦਾ ਰਸਮੀ ਉਦਘਾਟਨ ਕੀਤਾ।
ਬੀਤੇ ਦਿਨ ਭਾਜਪਾ ਆਗੂ ਦੇ ਆਉਣ ਦੀ ਕਨਸੋਅ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਏਮਜ਼ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਕੀਤੀ।
ਪ੍ਰਸ਼ਾਸਨ ਨੇ ਇਥੇ ਪਹਿਲਾਂ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹੋਏ ਸਨ। ਸਥਿਤੀ ਦੇ ਮੱਦੇਨਜ਼ਰ ਇਥੇ ਪਹੁੰਚੇ ਬਠਿੰਡਾ ਜ਼ੋਨ ਦੇ ਆਈਜੀ ਜਸਕਰਨ ਸਿੰਘ ਅਤੇ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਰਹਿਣ ਅਤੇ ਜ਼ਾਬਤੇ ’ਚ ਰਹਿਣ ਦੀ ਅਪੀਲ ਕੀਤੀ। ਕਿਸਾਨ ਆਗੂ ਜਗਸੀਰ ਝੁੰਬਾ ਨੇ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਮਾਰਨ ਦੇ ਰਾਹ ਪੈ ਚੁੱਕੀ ਹੈ, ਦੂਜੇ ਪਾਸੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਉਦਘਾਟਨਾਂ ਦੀ ਸੁੱਝ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਆਰ-ਪਾਰ ਦੀ ਹੋ ਚੁੱਕੀ ਹੈ ਅਤੇ ਲੋਕ ਭਾਜਪਾਈਆਂ ਨੂੰ ਕਿਸੇ ਵੀ ਜਨਤਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਣ ਦੇਣਗੇ। ਕਰੀਬ ਦੋ ਵਜੇ ਪਹੁੰਚੇ ਸ਼ਵੇਤ ਮਲਿਕ ਦਾ ਸਵੇਰ ਤੋਂ ਹੀ ਏਮਜ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਖਾਵਾਕਾਰੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਭਾਜਪਾ ਆਗੂ ਭਾਰੀ ਸੁਰੱਖਿਆ ਹੇਠ ਇਥੋਂ ਰਵਾਨਾ ਹੋ ਗਏ।