ਪੱਤਰ ਪ੍ਰੇਰਕ
ਬੋਹਾ, 16 ਜੂਨ
ਪਿੰਡ ਸੈਦੇਵਾਲਾ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਸਰਕਲ ਬੋਹਾ ਦੇ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ ਨੇ ਰਸਤੇ ਵਿਚੋਂ ਲੱਭੇ ਇੱਕ ਲੱਖ ਸੱਠ ਹਜ਼ਾਰ ਰੁਪਏ ਅਸਲ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਸਰਪੰਚ ਮਹਿੰਦਰ ਸਿੰਘ ਆਪਣੇ ਟਰੈਕਟਰ ’ਤੇ ਸੈਦੇਵਾਲਾ-ਬਰੇਟਾ ਸੜਕ ਸਥਿਤ ਆਪਣੇ ਖੇਤਾਂ ਵੱਲ ਜਾ ਰਿਹਾ ਸੀ, ਜਿਸ ਦੀ ਨਜ਼ਰ ਸੜਕ ’ਤੇ ਡਿੱਗੇ ਲਿਫਾਫੇ ’ਤੇ ਪਈ। ਜਦੋਂ ਉਸ ਨੇ ਲਿਫਾਫਾ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਇਕ ਲੱਖ ਸੱਠ ਹਜ਼ਾਰ ਰੁਪਏ ਸਨ। ਮਹਿੰਦਰ ਸਿੰਘ ਨੇ ਟਰੈਕਟਰ ਵਾਪਸ ਮੋੜ ਕੇ ਤੁਰੰਤ ਇਸ ਦੀ ਮੁਨਿਆਦੀ ਪਿੰਡ ਦੇ ਗੁਰੂ ਘਰ ਵਿੱਚ ਕਰਵਾਈ ਤਾਂ ਇਤਲਾਹ ਮਿਲਣ ’ਤੇ ਡਿੱਗੀ ਰਕਮ ਦਾ ਮਾਲਕ ਮੁਖਤਿਆਰ ਸਿੰਘ ਵਾਸੀ ਮਹਿਮੜਾ ਵੀ ਉੱਥੇ ਪਹੁੰਚ ਗਿਆ। ਉਸ ਨੇ ਨਿਸ਼ਾਨੀ ਤੇ ਨੋਟਾਂ ਦੀ ਗਿਣਤੀ ਦੱਸੀ, ਜਿਸ ਤੋਂ ਬਾਅਦ ਪੈਸੇ ਉਸ ਨੂੰ ਸੌਂਪ ਦਿੱਤੇ।