ਸਰਬਜੀਤ ਸਿਘ ਭੰਗੂ
ਪਟਿਆਲਾ, 17 ਜਨਵਰੀ
ਜ਼ਿਲ੍ਹਾ ਸਿਹਤ ਵਿਭਾਗ ਅਤੇ ਪੁਲੀਸ ਵੱਲੋਂ ਕੀਤੀ ਗਈ ਇੱਕ ਸਾਂਝੀ ਕਾਰਵਾਈ ਦੌਰਾਨ ਅੱਜ ਸ਼ਹਿਰ ਵਿਚਲੇ ਫੈਕਟਰੀ ਏਰੀਏ ਵਿਚਲੇ ਇੱਕ ਗੁਦਾਮ ’ਚ ਛਾਪਾ ਮਾਰ ਕੇ ਇੱਥੋਂ ਬੱਚਿਆਂ ਨੂੰ ਪਿਲਾਏ ਜਾਣ ਵਾਲੇ ਨਕਲੀ ਦੁੱਧ (ਮਿਲਕ ਪਾਊਡਰ) ਦੇ ਇੱਕ ਲੱਖ ਤੋਂ ਵੀ ਡੱਬੇ ਬਰਾਮਦ ਕੀਤੇ ਗਏ ਹਨ ਜਦਕਿ ਮਿਆਦ ਪੁਗਾ ਚੁੱਕੀ ਬੱਚਿਆਂ ਦੀ ਖੰਘ ਦੀ ਦਵਾਈ ਵੀ ਕਾਫ਼ੀ ਮਾਤਰਾ ’ਚ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਗੁਦਾਮ ਇੱਕ ਮਹਿਲਾ ਦਾ ਹੈ ਤੇ ਇੱਥੇ ਨਕਲੀ ਦੁੱਧ ਹੋਣ ਦੀ ਮਿਲੀ ਸੂਚਨਾ ਤਹਿਤ ਸਿਹਤ ਵਿਭਾਗ ਅਤੇ ਪੁਲੀਸ ਟੀਮਾਂ ਵੱਲੋਂ ਅੱਜ ਰਾਤ ਛਾਪਾ ਮਾਰਿਆ ਗਿਆ। ਭਾਵੇਂ ਕਿ ਇਸ ਸਬੰਧੀ ਭਲਕੇ ਵਿਸਥਾਰ ’ਚ ਜਾਣਕਾਰੀ ਜਾਰੀ ਕਰਨ ਦੇ ਇਰਾਦੇ ਨਾਲ ਅੱਜ ਦੀ ਇਸ ਕਾਰਵਾਈ ਨੂੰ ਨਸ਼ਰ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ, ਪਰ ਮਿਆਰੀ ਸੂਤਰਾਂ ਤੋਂ ਪ੍ਰਾਪਤ ਇਸ ਜਾਣਕਾਰੀ ਅਨੁਸਾਰ ਸੋਮਵਾਰ ਰਾਤੀਂ ਸਵਾ ਦਸ ਵਜੇ ਤੱਕ ਵੀ ਤਲਾਸ਼ੀ ਮੁਹਿੰਮ ਜਾਰੀ ਸੀ ਤੇ ਇਹ ਕਾਰਵਾਈ ਮੰਗਲਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਉਂਜ ਰਾਤੀਂ ਸਵਾ ਦਸ ਵਜੇ ਤੱਕ ਇਸ ਗੁਦਾਮ ਵਿੱਚੋਂ ਨਕਲੀ ਦੁੱਧ ਦੇ ਇੱਕ ਲੱਖ ਡੱਬਿਆਂ ਸਮੇਤ ਬੱਚਿਆਂ ਦੀ ਖੰਘ ਦੀ ਮਿਆਦ ਪੁਗਾ ਚੁੱਕੀ ਦਵਾਈ ਸਮੇਤ ਕੁਝ ਹੋਰ ਗੈਰ ਮਿਆਰੀ ਵਸਤਾਂ ਵੀ ਬਰਾਮਦ ਹੋ ਚੁੱਕੀਆਂ ਸਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਡੀਐੱਸਪੀ ਮੋਹਿਤ ਅਗਰਵਾਲ ਸਮੇਤ ਹੋਰ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ।