ਰਾਮ ਸਰਨ ਸੂਦ
ਅਮਲੋਹ, 24 ਅਕਤੂਬਰ
ਪਿਛਲੀ ਅਕਾਲੀ ਸਰਕਾਰ ਵੱਲੋਂ ਹਲਕਾ ਅਮਲੋਹ ਦੇ ਲੋਕਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦੀ ਉਸਾਰੀ ਕਰਵਾਈ ਗਈ ਸੀ ਅਤੇ ਆਧੁਨਿਕ ਸਹੂਲਤਾਂ ਦਿੱਤੀਆਂ ਸਨ ਪਰ ਬੱਸ ਸਟੈਂਡ ਅੰਦਰ ਬੱਸਾਂ ਨਾ ਜਾਣ ਅਤੇ ਇਸ ਦੀ ਸੰਭਾਲ ਠੀਕ ਢੰਗ ਨਾਲ ਨਾ ਹੋਣ ਕਾਰਣ ਇਹ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਸੀ। ਪੰਜਾਬ ਦੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਅਤੇ ਇਸ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਪੀ.ਆਰ.ਟੀ.ਸੀ. ਪਾਸੋਂ ਇਸ ਬੱਸ ਸਟੈਂਡ ਦੇ ਨਵੀਨੀਕਰਨ ਲਈ 20 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾ ਕੇ ਲੋਕਾਂ ਨੂੰ ਬਣਦੀਆਂ ਸਾਰੀਆਂ ਅਧੂਨਿਕ ਸਹੂਲਤਾਂ ਦੇਣ ਅਤੇ ਬੱਸਾਂ ਦਾ ਦਾਖਲਾ ਯਕੀਨੀ ਬਣਾਉਣ ਲਈ ਕਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਬੱਸ ਸਟੈਂਡ ਅੰਦਰ ਪੁਰਾਣੀਆਂ ਹੀ ਟਾਇਲਾਂ ਨੂੰ ਪੁੱਟ ਕੇ ਉਨ੍ਹਾਂ ਨੂੰ ਦੁਬਾਰਾ ਲਗਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਥੇ ਦੌਰਾ ਕਰਨ ਉਪਰੰਤ ਦੋਸ਼ ਲਾਇਆ ਕਿ ਬੱਸ ਸਟੈਂਡ ਦੇ ਨਵੀਨੀਕਰਨ ਦੇ ਨਾਮ ’ਤੇ 20 ਲੱਖ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।
ਜ਼ਮੀਨ ਦਾ ਪੱਧਰ ਠੀਕ ਨਾ ਹੋਣ ਕਾਰਨ ਟਾਈਲਾਂ ਪੁੱਟੀਆਂ: ਡਾਇਰੈਕਟਰ
ਇਸ ਸਬੰਧੀ ਜਦੋਂ ਡਾਇਰੈਕਟਰ ਸੁਭਾਸ਼ ਸੂਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਲੈਵਲ ਖਰਾਬ ਹੋਣ ਕਾਰਨ ਇੱਟਾਂ ਪੁੱਟੀਆਂ ਗਈਆਂ ਹਨ ਅਤੇ ਜਿਹੜੀਆਂ ਪੁਰਾਣੀਆਂ ਇੱਟਾਂ ਹਨ ਉਨ੍ਹਾਂ ਦੀ ਮਜ਼ਦੂਰੀ ਹੀ ਦਿੱਤੀ ਜਾਵੇਗੀ ਜਦੋਂਕਿ ਨਵੀਆਂ ਇੱਟਾਂ ਦਾ ਖਰਚ ਪਾਇਆ ਜਾਵੇਗਾ।