ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਮਾਰਚ
ਇਥੇ ਅੱਜ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਹੁਣ ਸਿੱਖ ਸੰਗਤ ਗੁਰਦੁਆਰਾ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਪਾਵਨ ਸਰੂਪਾਂ ਦੀ ਛਪਾਈ ਅਤੇ ਸੇਵਾ ਸੰਭਾਲ ਦਾ ਸਮੁੱਚਾ ਕਾਰਜ ਦੇਖ ਸਕੇਗੀ। ਇਸ ਸਬੰਧੀ ਲੋੜੀਂਦਾ ਨਕਸ਼ਾ ਤਿਆਰ ਹੋ ਚੁੱਕਾ ਹੈ। ਲਗਪਗ ਚਾਰ ਮਹੀਨਿਆਂ ਵਿੱਚ ਇਮਾਰਤ ਦਾ ਅੰਦਰੂਨੀ ਕੰਮ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਸਿੱਖ ਸੰਗਤ ਇਥੇ ਪਾਵਨ ਸਰੂਪਾਂ ਦੀ ਛਪਾਈ ਅਤੇ ਸਾਂਭ ਸੰਭਾਲ ਦੀ ਪ੍ਰਕਿਰਿਆ ਦੇ ਦਰਸ਼ਨ ਕਰ ਸਕੇਗੀ।
ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਧਰ ਤੱਕ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ। ਇਸ ਦੌਰਾਨ ਪ੍ਰਚਾਰਕ, ਕਵੀਸ਼ਰ ਤੇ ਢਾਡੀ ਜਥੇ ਸੰਗਤ ਨੂੰ ਧਾਰਮਿਕ ਦੀਵਾਨਾਂ ਰਾਹੀਂ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਸੰਵਾਦ ਵਿਧੀ ਰਾਹੀਂ ਵੀ ਸੰਗਤ ਨਾਲ ਰਾਬਤਾ ਬਣਾਇਆ ਜਾਵੇਗਾ। ਸ਼ਤਾਬਦੀ ਸਮਾਗਮਾਂ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਪੁਰਖਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਤਿੰਨ ਅਪਰੈਲ ਨੂੰ ਮੀਟਿੰਗ ਕੀਤੀ ਜਾਵੇਗੀ। ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਦੇਣ ਲਈ ਪੁੱਜੀਆਂ ਦਰਖਾਸਤਾਂ ਦੇ ਆਧਾਰ ’ਤੇ ਕੀਤੇ ਫੈਸਲੇ ਬਾਰੇ ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੂਬਿਆਂ ਵਿੱਚ ਪੜ੍ਹਦੇ ਇਨ੍ਹਾਂ ਬੱਚਿਆਂ ਦੀਆਂ ਫੀਸਾਂ ਸਿੱਧੇ ਤੌਰ ’ਤੇ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਖੁਦ ਜਾ ਕੇ ਸਕੂਲਾਂ ਦੇ ਨਾਲ-ਨਾਲ ਸਿਕਲੀਗਰ ਪਰਿਵਾਰਾਂ ਤੱਕ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪ੍ਰਕਾਸ਼ ਪੁਰਬ: ਯਾਦਗਾਰੀ ਸਿੱਕੇ ਤੇ ਡਾਕ ਟਿਕਟ ਸਬੰਧੀ ਪ੍ਰਸਤਾਵਿਤ ਡਿਜ਼ਾਈਨ ਕੇਂਦਰ ਨੂੰ ਭੇਜੇ
ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਿੱਕੇ, ਡਾਕ ਟਿਕਟ ਅਤੇ ਡਾਕ ਲਿਫਾਫੇ ਸਬੰਧੀ ਪ੍ਰਸਤਾਵਿਤ ਡਿਜ਼ਾਈਨ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਹਨ। ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਪ੍ਰਸਤਾਵਿਤ ਡਿਜ਼ਾਈਨ ਤਿਆਰ ਕਰਨ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਨੇ ਡਿਜ਼ਾਈਨ ਤਿਆਰ ਕਰਕੇ ਕੇਂਦਰ ਨੂੰ ਭੇਜ ਦਿੱਤਾ ਹੈ। ਇਸ ਡਿਜ਼ਾਈਨ ਵਿੱਚ ਯਾਦਗਾਰੀ ਸਿੱਕੇ ਦੇ ਇੱਕ ਪਾਸੇ ਗੁਰਦੁਆਰਾ ਗੁਰੂ ਕੇ ਮਹਿਲ (ਜਨਮ ਅਸਥਾਨ) ਦੀ ਤਸਵੀਰ ਹੈ, ਜਿਸ ਉਪਰ ਗੁਰਬਾਣੀ ਦੀ ਤੁਕ ਅੰਕਿਤ ਹੈ। ਇਸ ਦੇ ਹੇਠਾਂ 400 ਸਾਲਾ ਪ੍ਰਕਾਸ਼ ਪੁਰਬ ਅਤੇ ਸੰਨ 1621-2021 ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਉਸ ਦੀ ਕੀਮਤ ਅੰਕਿਤ ਹੋਵੇਗੀ। ਇਸੇ ਤਰ੍ਹਾਂ ਦਾ ਡਿਜ਼ਾਈਨ ਡਾਕ ਟਿਕਟ ਅਤੇ ਡਾਕ ਲਿਫਾਫੇ ਵਾਸਤੇ ਭੇਜਿਆ ਗਿਆ ਹੈ।