ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਅੱਜ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਸਕੱਤਰੇਤ ਵਿਚ ਬੁਲਾ ਕੇ ਮੀਟਿੰਗ ਨਾ ਕਰਨ ਨੂੰ ਮਜ਼ਦੂਰ ਆਗੂਆਂ ਨੇ ਚੰਨੀ ਸਰਕਾਰ ਦਾ ਮਜ਼ਦੂਰ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰਹੇਗਾ
ਪੇਂਡੂ ਖੇਤ ਮਜ਼ਦੂਰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ 29 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ’ਚ ਹਜ਼ਾਰਾਂ ਮਜ਼ਦੂਰਾਂ ਦੇ ਇਕੱਠ ਦੌਰਾਨ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਅੱਜ ਦੀ ਪੈਨਲ ਮੀਟਿੰਗ ਦੀ ਚਿੱਠੀ ਸੌਂਪੀ ਗਈ ਸੀ। ਜਥੇਬੰਦੀਆਂ ਦਾ 14 ਮੈਂਬਰੀ ਵਫ਼ਦ ਜਦੋਂ ਸਕੱਤਰੇਤ ਪਹੁੰਚਿਆ ਤਾਂ ਉਸ ਨੂੰ ਲੰਬਾ ਸਮਾਂ ਖੁੱਜਲ ਖੁਆਰ ਕੀਤਾ ਗਿਆ। ਉਸ ਤੋਂ ਬਾਅਦ ਉੱਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਵਫ਼ਦ ਨਾਲ ਮੁਲਾਕਾਤ ਕਰ ਕੇ ਬਿਨਾਂ ਸਮਾਂ ਤੈਅ ਕੀਤੇ ਮੁੜ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ।
ਜਥੇਬੰਦੀ ਆਗੂਆਂ ਨੇ ਦੋਸ਼ ਲਾਇਆ ਸਾਂਝੇ ਮਜ਼ਦੂਰ ਮੋਰਚੇ ਦੇ ਸੰਘਰਸ਼ ਦੀ ਬਦੌਲਤ ਮੁੱਖ ਮੰਤਰੀ ਚੰਨੀ ਵੱਲੋਂ ਮਜ਼ਦੂਰਾਂ ਨੂੰ ਪਲਾਟ ਅਲਾਟ ਕਰਨ ਅਤੇ ਬਿਜਲੀ ਬਿੱਲਾਂ ਦੇ ਬਕਾਏ ਖ਼ਤਮ ਕਰ ਕੇ ਪੁੱਟੇ ਮੀਟਰ ਮੁੜ ਜੋੜਨ ਦੇ ਐਲਾਨ ਮਹਿਜ਼ ਅਖ਼ਬਾਰਾਂ ਦੀਆਂ ਸੁਰਖੀਆਂ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਨਾ ਕਿਸੇ ਮਜ਼ਦੂਰ ਨੂੰ ਪਲਾਟ ਅਲਾਟ ਕੀਤਾ ਗਿਆ, ਨਾ ਕੱਟੇ ਪਲਾਟਾਂ ਦੇ ਕਬਜ਼ੇ ਦਿੱਤੇ ਗਏ ਅਤੇ ਨਾ ਹੀ ਕਿਸੇ ਦਾ ਪੁੱਟਿਆ ਮੀਟਰ ਜੋੜਿਆ ਗਿਆ ਹੈ।