ਸੰਜੀਵ ਬੱਬੀ
ਚਮਕੌਰ ਸਾਹਿਬ, 18 ਫਰਵਰੀ
ਪੰਜਾਬ ਵਿੱਚ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਸਥਾਨਕ ਅਨਾਜ ਮੰਡੀ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ, ਜਿਸ ਦਾ ਸਬੂਤ ਹਜ਼ਾਰਾਂ ਦੀ ਗਿਣਤੀ ਵਿੱਚ ਰੈਲੀ ’ਚ ਪਹੁੰਚੇ ਹਲਕੇ ਦੇ ਸੂਝਵਾਨ ਲੋਕ ਹਨ। ਇਸ ਮੌਕੇ ਉਨ੍ਹਾਂ ਅਗਲੇ 5 ਸਾਲਾਂ ਦਾ ਰੋਡਮੈਪ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਪਹਿਲੇ ਦਿਨ ਤੋਂ ਨੌਜਵਾਨਾਂ ਨੂੰ ਇੱਕ ਲੱਖ ਸਰਕਾਰੀ ਨੌਕਰੀਆਂ ਸਾਲ ਦੇ ਅੰਦਰ ਦੇਣ ਦੇ ਫ਼ੈਸਲੇ ’ਤੇ ਦਸਤਖ਼ਤ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਸੂਬੇ ਅੰਦਰ ਛੇ ਮਹੀਨਿਆਂ ਵਿੱਚ ਕਿਸੇ ਦਾ ਵੀ ਮਕਾਨ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ 31 ਸੌ ਰੁਪਏ, ਸ਼ਗਨ ਸਕੀਮ 75 ਹਜ਼ਾਰ ਰੁਪਏ ਕਰਨ ਸਣੇ ਲੋੜਵੰਦ ਔਰਤਾਂ ਨੂੰ ਸਾਲ ਵਿੱਚ 8 ਗੈਸ ਸਿਲੰਡਰ ਤੇ 11 ਸੌ ਰੁਪਏ ਪ੍ਰਤੀ ਮਹੀਨਾ ਰਸੋਈ ਚਲਾਉਣ ਲਈ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਤੇ ਸਾਰੇ ਟੈਸਟਾਂ ਸਮੇਤ ਅਪਰੇਸ਼ਨ ਦਾ ਖਰਚਾ ਸਰਕਾਰ ਚੁੱਕੇਗੀ। ਰੈਲੀ ਦੌਰਾਨ ਗਾਇਕ ਸਿੱਧੂ ਮੂਸੇਵਾਲਾ, ਆਰ ਨੈਤ ਅਤੇ ਦੁਰਗਾ ਰੰਗੀਲਾ ਨੇ ਲੋਕਾਂ ਦਾ ਮੰਨੋਰੰਜਨ ਵੀ ਕੀਤਾ। ਇਸ ਮਗਰੋਂ ਸ੍ਰੀ ਚੰਨੀ ਨੇ ਸਿੱਧੂ ਮੂਸੇਵਾਲੇ ਨਾਲ ਬੁਲੇਟ ਮੋਟਸਾਈਕਲ ’ਤੇ ਬੈਠ ਕੇ ਸ਼ਹਿਰ ਵਿੱਚ ਕੁਝ ਚਿਰ ਲਈ ਪ੍ਰਚਾਰ ਵੀ ਕੀਤਾ।
ਭਦੌੜ ਦੇ ਪਿੰਡਾਂ ’ਚ ਰੋਡ ਸ਼ੋਅ
ਭਦੌੜ (ਰਾਜਿੰਦਰ ਵਰਮਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਭਦੌੜ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਭਰਵਾਂ ਰੋਡ ਸ਼ੋਅ ਕੱਢਿਆ। ਸ੍ਰੀ ਚੰਨੀ ਨੇ ਨਿਰਾਲੇ ਬਾਬਾ ਗਊ ਧਾਮ ਵਿੱਚ ਅਰਦਾਸ ਕਰਨ ਮਗਰੋਂ ਇੱਥੋਂ ਦੀ ਦਾਣਾ ਮੰਡੀ ਤੋਂ ਰੋਡ ਸ਼ੋਅ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਤੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਵੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਨੇ ਅੱਜ 17 ਪਿੰਡਾਂ ਵਿੱਚ ਰੋਡ ਸ਼ੋਅ ਕਰਨਾ ਸੀ ਪਰ ਕੁਝ ਸਿਆਸੀ ਰੁਝੇਵਿਆਂ ਕਾਰਨ ਉਹ ਪੰਜ ਪਿੰਡਾਂ ਵਿੱਚ ਰੋਡ ਸ਼ੋਅ ਕਰਨ ਮਗਰੋਂ ਭਦੌੜ ਤੋਂ ਹੈਲੀਕਾਪਟਰ ਰਾਹੀਂ ਵਾਪਸ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ ਨੇ ਕਾਂਗਰਸੀ ਉਮੀਦਵਾਰ ਚੰਨੀ ਦੇ ਹੱਕ ਵਿੱਚ ਇਕੱਠਿਆਂ ਰੋਡ ਸ਼ੋਅ ਕੀਤਾ।