ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਸਤੰਬਰ
ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਮਾਮਲੇ ਵਿਚ ਇਨਸਾਫ਼ ਦਿਵਾਉਣ ਬਾਰੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਕਾਂਗਰਸ ਦਾ ਮਹਿਜ਼ ਚੋਣ ਸਟੰਟ ਕਰਾਰ ਦਿੱਤਾ ਹੈ।
ਅੱਜ ਇੱਥੇ ‘ਆਪ’ ਦੀ ਜ਼ਿਲਾ ਪ੍ਰਧਾਨ (ਸ਼ਹਿਰੀ) ਜੀਵਨਜੋਤ ਕੌਰ ਵੱਲੋਂ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ, ਜਿਸ ਵਿਚ ਸਾਬਕਾ ਆਈਜੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੈ ਜਿਸ ਵਿਚ ਸ੍ਰੀ ਚੰਨੀ ਬਤੌਰ ਕੈਬਨਿਟ ਮੰਤਰੀ ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਨਵੇਂ ਚੁਣੇ ਗਏ ਦੋਵੇਂ ਉਪ ਮੁੱਖ ਮੰਤਰੀ ਨਾ ਸਿਰਫ਼ ਕੈਬਨਿਟ ਦਾ ਅਹਿਮ ਹਿੱਸਾ ਰਹੇ ਹਨ ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇ ਇਨ੍ਹਾਂ ਦੀ ਨੀਅਤ ਸਾਫ਼ ਹੁੰਦੀ ਤਾਂ ਹੁਣ ਤਕ ਬੇਅਦਬੀ ਅਤੇ ਬਰਗਾੜੀ ਮਸਲੇ ਹੱਲ ਹੋ ਜਾਂਦੇ ਤੇ ਦੋਸ਼ੀਆਂ ਨੂੰ ਸਜ਼ਾ ਮਿਲ ਜਾਣੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਸਿਰਫ਼ ਨਾਕਾਮੀਆਂ ਨੂੰ ਲੁਕਾਉਣ ਦੀ ਅਸਫ਼ਲ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਕਾਂਗਰਸ ਸਰਕਾਰ ਕਾਰਨ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ 9 ਅਪਰੈਲ ਨੂੰ ਕੋਟਕਪੂਰਾ ਫਾਇਰਿੰਗ ਦਾ ਚਲਾਨ ਪੇਸ਼ ਕੀਤਾ ਗਿਆ ਸੀ ਪਰ ਕਾਂਗਰਸ ਨੇ ਇੱਕ ਰਾਜਨੀਤਕ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਅੰਦਰ ਖਾਤੇ ਮਿਲੀਭੁਗਤ ਕਰ ਕੇ ਚਲਾਨ ਰੱਦ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤਕ ਦੇ ਸਫ਼ਰ ਵਿੱਚ ਕਾਂਗਰਸ ਦੇ ਮਨਸੂਬੇ ਬੇਨਕਾਬ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ 2022 ਪੰਜਾਬ ਵਿੱਚ ‘ਆਪ’ ਦੀ ਹੀ ਸਰਕਾਰ ਆਵੇਗੀ।