ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਸਤੰਬਰ
ਜੱਲ੍ਹਿਆਂਵਾਲਾ ਬਾਗ਼ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਨੌਜਵਾਨ ਭਾਰਤ ਸਭਾ ਨੇ 28 ਸਤੰਬਰ ਤੋਂ ਜੱਲ੍ਹਿਆਂਵਾਲਾ ਬਾਗ਼ ਅੱਗੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਅੱਜ ਸਥਾਨਕ ਵਿਰਸਾ ਵਿਹਾਰ ਵਿੱਚ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਪਿੰਦਰ ਅਤੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਇਸ ਸ਼ਹੀਦੀ ਯਾਦਗਾਰ ਨੂੰ ਸੈਰ-ਸਪਾਟੇ ਦੀ ਥਾਂ ਵਿੱਚ ਬਦਲ ਦਿੱਤਾ ਹੈ।
ਬਾਗ਼ ਵਿੱਚ ਦਾਖ਼ਲੇ ਲਈ ਤੰਗ ਗਲੀ ਵਿੱਚ ਅਜਿਹੀਆਂ ਮੂਰਤੀਆਂ ਲਗਾ ਦਿੱਤੀਆਂ ਗਈਆਂ ਹਨ, ਜਿਵੇਂ 13 ਅਪਰੈਲ ਨੂੰ ਰੌਲਟ ਐਕਟ ਦਾ ਵਿਰੋਧ ਕਰਨ ਦੀ ਥਾਂ ਲੋਕ ਸਿਰਫ਼ ਮੇਲਾ ਦੇਖਣ ਆਏ ਹੋਣ। ਉਸ ਸਮੇਂ ਬਾਗ਼ ਵਿੱਚ ਦਾਖ਼ਲੇ ਲਈ ਅਤੇ ਬਾਹਰ ਨਿਕਲਣ ਲਈ ਸਿਰਫ਼ ਇੱਕੋ-ਇੱਕ ਰਸਤਾ ਸੀ, ਜਿਸ ਨੂੰ ਰੋਕ ਕੇ ਉਥੋਂ ਹੀ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਲੋਕ ਜਾਨ ਬਚਾਉਣ ਲਈ ਭੱਜੇ ਅਤੇ ਸੈਂਕੜੇ ਲੋਕ ਖੂਹ ਵਿੱਚ ਛਾਲਾਂ ਮਾਰ ਕੇ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੁਆਰਾ ਬਾਗ਼ ਦਾ ਇੱਕ ਹੋਰ ਰਸਤਾ ਖੋਲ੍ਹ ਕੇ ਪੂਰਾ ਇਤਿਹਾਸ ਹੀ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਗ਼ ਦੀਆਂ ਕੰਧਾਂ ’ਤੇ ਲੱਗੇ ਗੋਲੀਆਂ ਦੇ ਨਿਸ਼ਾਨ ਵੀ ਖ਼ਤਮ ਹੋ ਰਹੇ ਹਨ, ਸ਼ਹੀਦੀ ਖੂਹ ਦੀ ਦਿੱਖ ਵਿਗਾੜ ਦਿੱਤੀ ਗਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਨਵੀਆਂ ਬਣੀਆਂ ਗੈਲਰੀਆਂ ਵਿੱਚ ਕੌਮੀ ਜੰਗੇ ਆਜ਼ਾਦੀ ਲਹਿਰ ਦੀ ਥਾਂ ਆਰਐੱਸਐੱਸ ਦੇ ਰਾਸ਼ਟਰਵਾਦ ਨੂੰ ਹੀ ਉਭਾਰਿਆ ਗਿਆ ਹੈ। ਸ਼ਹੀਦੀ ਸਮਾਰਕ ਅੱਗੇ ਤਲਾਬ ਵਿੱਚ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਲਾਉਣਾ ਵੀ ਇਸੇ ਏਜੰਡੇ ਦਾ ਹਿੱਸਾ ਹੈ। ਇਸ ਤੋਂ ਇਲਾਵਾ ਬਾਗ਼ ਵਿੱਚ ਦਾਖ਼ਲੇ ਲਈ ਟਿਕਟ ਖਿੜਕੀਆਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਥੋਂ ਮੁਸਲਿਮ ਸ਼ਹੀਦਾਂ ਤੇ ਉਸ ਸਮੇਂ ਦੇ ਮੁਸਲਿਮ ਆਗੂਆਂ ਦੇ ਨਾਂ ਹਟਾ ਦਿੱਤੇ ਹਨ ਅਤੇ ਸ਼ਹੀਦਾਂ ਦੇ ਨਾਂ ਅੱਗੇ ਸ਼ਹੀਦ ਸ਼ਬਦ ਵੀ ਨਹੀਂ ਲਿਖਿਆ ਹੈ।ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਜਸਕਰਨ ਆਜ਼ਾਦ ਅਤੇ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਇਤਿਹਾਸਕ ਵਿਰਾਸਤਾਂ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜੱਲ੍ਹਿਆਂਵਾਲਾ ਬਾਗ਼ ਅੱਗੇ ਲੱਗ ਰਹੇ ਮੋਰਚੇ ਵਿਚ ਵੱਡੀ ਗਿਣਤੀ ’ਚ ਸ਼ਾਮਲ ਹੋਣ। ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਦੇ ਆਗੂ ਸੁਖਦੇਵ ਸਿੰਘ ਸੈਂਸਰਾ ਅਤੇ ਗੁਰਪਾਲ ਨੇ ਇਸ ਮੋਰਚੇ ਦੀ ਪੂਰਨ ਹਮਾਇਤ ਕੀਤੀ। ਇਸ ਮੌਕੇ ਜਸਕਰਨ ਆਜ਼ਾਦ, ਕੁਲਬੀਰ ਟੋਡਰਪੁਰ, ਨੌਨਿਹਾਲ ਸਿੰਘ ਅਤੇ ਪ੍ਰਤਾਪ ਫਾਜ਼ਿਲਕਾ ਹਾਜ਼ਰ ਸਨ।