ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਮਾਰਚ
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਮੰਨੇ ਜਾਂਦੇ ਹਵਾਲਾਤੀ ਗੈਂਗਸਟਰ ਭਾਰਤ ਭੂਸ਼ਨ ਉਰਫ਼ ਭੋਲਾ ਸ਼ੂਟਰ (30) ਦੀ ਇਥੇ ਅੱਜ ਤੜਕੇ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ‘ਏ’ ਸ਼੍ਰੇਣੀ ਦਾ ਇਹ ਗੈਂਗਸਟਰ ਮਾਲੇਰਕੋਟਲਾ ਵਿੱਚ ਹੋਏ ਇੱਕ ਕਤਲ ਕਾਂਡ ਸਬੰਧੀ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਦੱਸਿਆ ਜਾਂਦਾ ਹੈ ਕਿ ਲੰਘੀ ਰਾਤ ਅਚਾਨਕ ਭੋਲਾ ਸ਼ੂਟਰ ਦੀ ਛਾਤੀ ਵਿੱਚ ਦਰਦ ਹੋਣ ਲੱਗਿਆ, ਜਿਸ ਮਗਰੋਂ ਤੜਕਸਾਰ ਕਰੀਬ ਚਾਰ ਵਜੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।
ਮੁੱਢਲੀ ਪੜਤਾਲ ਦੌਰਾਨ ਹਵਾਲਾਤੀ ਗੈਂਗਸਟਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾਂਦੀ ਹੈ। ਹਾਲਾਂਕਿ ਮੌਤ ਦੀ ਅਸਲ ਵਜ੍ਹਾ ਦਾ ਖੁਲਾਸਾ ਪੋਸਟਮਾਰਟਮ ਆਉਣ ਮਗਰੋਂ ਹੋਵੇਗਾ। ਹਸਪਤਾਲ ਵਿੱਚ ਗੈਂਗਸਟਰ ਦਾ ਇਲਾਜ ਕਰਨ ਵਾਲੇ ਡਾਕਟਰ ਆਗਿਆਪਾਲ ਨੇ ਦੱਸਿਆ ਕਿ ਹਵਾਲਾਤੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਕੁਝ ਚਿਰ ਆਕਸੀਜਨ ਵੀ ਦਿੱਤੀ ਗਈ ਪਰ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਭੋਲਾ ਸ਼ੂਟਰ ਫ਼ਰੀਦਕੋਟ ਜ਼ਿਲ੍ਹੇ ’ਚ ਪੈਂਦੇ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ ਪੰਦਰਾਂ ਅਪਰਾਧਿਕ ਮੁਕੱਦਮੇ ਦਰਜ ਸਨ। ਭੋਲਾ ਸ਼ੂਟਰ ਪਹਿਲਾਂ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਸੀ ਅਤੇ ਬਾਅਦ ਵਿੱਚ ਉਹ ਲਾਰੈਂਸ ਬਿਸ਼ਨੋਈ ਦੇ ਗਰੁੱਪ ਦਾ ਹਿੱਸਾ ਬਣ ਗਿਆ। ਸਥਾਨਕ ਪ੍ਰਸ਼ਾਸਨ ਵੱਲੋਂ ਉਸ ਦੀ ਮੌਤ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕੈਦੀ ਦੀ ਮੌਤ ਦਾ ਮਾਮਲਾ: ਦੋ ਕੈਦੀਆਂ ਨੇ ਕੀਤੀ ਵੀਡੀਓ ਵਾਇਰਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜੇਲ੍ਹ ਵਿੱਚ ਕੀਤੇ ਕਥਿਤ ਤਸ਼ੱਦਦ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮਰੇ ਵਿਚਾਰ ਅਧੀਨ ਕੈਦੀ ਦਵਿੰਦਰ ਸਿੰਘ ਦੇ ਮਾਮਲੇ ਵਿਚ ਅੱਜ ਜੇਲ੍ਹ ਵਿੱਚ ਬੰਦ ਦੋ ਕੈਦੀਆਂ ਦੀ ਵੀਡਿਓ ਵਾਇਰਲ ਹੋਈ ਹੈ। ਇਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਵਿਅਕਤੀ ਨਾਲ ਹੋਏ ਝਗੜੇ ਸਬੰਧੀ ਮਾਮਲਾ ਹੱਲ ਹੋ ਗਿਆ ਸੀ, ਪਰ ਜੇਲ੍ਹ ਅਮਲੇ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੀਤੇ ਦਿਨ ਹਸਪਤਾਲ ਵਿੱਚ ਇਲਾਜ ਦੌਰਾਨ ਮਰੇ ਦਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ’ਤੇ ਤਸ਼ੱਦਦ ਕਰਨ ਦਾ ਦੋਸ਼ ਲਾਉਂਦਿਆਂ ਧਰਨਾ ਦਿੱਤਾ ਗਿਆ ਸੀ। ਧਰਨਾਕਾਰੀਆਂ ਨੇ ਜੇਲ੍ਹ ਅਮਲੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਜੇਲ੍ਹ ਅਮਲੇ ਵੱਲੋਂ ਉਕਤ ਦੋਸ਼ ਨਕਾਰ ਦਿੱਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਗਿਆ। ਇਸਲਾਮਾਬਾਦ ਥਾਣੇ ਦੇ ਐੱਸਐੱਚਓ ਪ੍ਰਨੀਤ ਸਿੰਘ ਢਿੱਲੋਂ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਦੋ ਕੈਦੀਆਂ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਸਬੰਧੀ ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ, ਪਰ ਰਜ਼ਾਮੰਦੀ ਹੋ ਗਈ ਸੀ। ਉਨ੍ਹਾਂ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਦਵਿੰਦਰ ਸਿੰਘ ਨੂੰ ਲੱਗੀਆਂ ਸੱਟਾਂ ਲਈ ਉਹ ਜ਼ਿੰਮੇਵਾਰ ਨਹੀਂ ਹਨ। ਇਥੇ ਦੱਸਣਯੋਗ ਹੈ ਕਿ ਦਵਿੰਦਰ ਸਿੰਘ ਦੀ ਇੱਕ ਵੀਡੀਓ ਪਰਿਵਾਰ ਕੋਲ ਵੀ ਹੈ, ਜਿਸ ਵਿੱਚ ਉਹ ਜੇਲ੍ਹ ਅਮਲੇ ’ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾ ਰਿਹਾ ਹੈ। ਦਵਿੰਦਰ ਸਿੰਘ ਐੱਨਡੀਪੀਐੱਸ ਐਕਟ ਤਹਿਤ ਲਗਪਗ ਤਿੰਨ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ।