ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 24 ਜੂਨ
ਪਿੰਡ ਵੇਈਪੁਈ ਦੇ 20 ਸਾਲਾ ਨੌਜਵਾਨ ਦੀ ਪਿੰਡ ਤੋਂ ਕੁਝ ਦੂਰੀ ‘ਤੇ ਖਾਲੀ ਕਮਰੇ ਵਿੱਚੋਂ ਭੇਤਭਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਇਹ ਨੌਜਵਾਨ ਕੱਲ੍ਹ ਮੋਟਰਸਾਈਕਲ ‘ਤੇ ਆਪਣੀ ਮਾਂ ਹਰਜਿੰਦਰ ਕੌਰ ਦੀ ਦਵਾਈ ਲੈਣ ਗਿਆ ਸੀ ਜੋ ਦੇਰ ਰਾਤ ਤੱਕ ਘਰ ਨਾ ਪਰਤਿਆ ਜਿਸ ਦੀ ਅਗਲੇ ਦਿਨ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਵਾਸੀ ਵੇਈਪੁਈ ਵਜੋਂ ਹੋਈ ਹੈ। ਮ੍ਰਿਤਕ ਦੀ ਦੇਹ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਤੋਂ ਨੌਜਵਾਨ ਦੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਖ਼ਬਰ ਨੂੰ ਸੁਣਦੇ ਸਾਰ ਹੀ ਦਵਿੰਦਰ ਦੇ ਦਾਦੇ ਲਖਬੀਰ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਪੁਲੀਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਦਵਿੰਦਰ ਸਿੰਘ ਦਾ ਮੋਟਰਸਾਈਕਲ ਵੀ ਗਾਇਬ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।