ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੂਨ
ਪੰਜਾਬ ਪੁਲੀਸ ਕੋਲ ਸੱਤ ਦਿਨ ਦੇ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 22 ਜੂਨ ਨੂੰ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮਾਨਸਾ ਪੁਲੀਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਤੋਂ ਜਾਪਦਾ ਹੈ ਕਿ ਉਸ ਨੂੰ ਵੱਡੇ ਤੜਕੇ ਹੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ 15 ਜੂਨ ਨੂੰ ਮਾਨਸਾ ਦੀ ਅਦਾਲਤ ਵਿੱਚ ਸਵੇਰੇ ਪੇਸ਼ ਕੀਤਾ ਗਿਆ ਸੀ। ਉਸ ਨੂੰ ਪੁਲੀਸ ਬੁਲੇਟ ਪਰੂਫ਼ ਗੱਡੀ ਵਿੱਚ ਖਰੜ ਸੀਆਈਏ ਸਟਾਫ਼ ਛੱਡ ਕੇ ਆਈ ਸੀ, ਜਿੱਥੇ ਉਸ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਬਣੀ ਸਿਟ ਵੱਲੋਂ ਪੁੱਛਗਿੱਛ ਕੀਤੀ ਗਈ। ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ਤੋਂ ਪਹਿਲਾਂ ਮਾਨਸਾ ਪੁਲੀਸ ਵੱਲੋਂ ਐਸਪੀ ਧਰਮਵੀਰ ਸਿੰਘ, ਡੀਐਸਪੀ ਗੋਬਿੰਦਰ ਸਿੰਘ, ਥਾਣਾ ਮੁਖੀਆਂ ਤੇ ਪੁਲੀਸ ਦਾ ਕਾਫਲਾ ਉਸ ਨੂੰ ਲੈਣ ਲਈ ਅੱਜ ਦੁਪਹਿਰੇ ਹੀ ਖਰੜ ਰਵਾਨਾ ਹੋਇਆ। ਲਾਰੈਂਸ ਬਿਸ਼ਨੋਈ ਦਾ ਦੇਰ ਰਾਤ ਸਿਵਲ ਹਸਪਤਾਲ ਮਾਨਸਾ ਵਿੱਚ ਮੈਡੀਕਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਹੋਰ ਰਿਮਾਂਡ ਹਾਸਲ ਕਰਨ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।
ਪ੍ਰਿਆਵਰਤ ਤੇ ਕਸ਼ਿਸ਼ ਨੂੰ ਪੰਜਾਬ ਲਿਆਉਣ ਦੀ ਤਿਆਰੀ
ਦਿੱਲੀ ਪੁਲੀਸ ਦੇ ਸੈਪਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੂੰ ਪੁਲੀਸ ਪੰਜਾਬ ਲੈ ਕੇ ਆਵੇਗੀ। ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੇ ਬਠਿੰਡਾ ਰਹਿਣ ਵਾਲੇ ਸਾਥੀ ਕੇਸ਼ਵ ਨਾਲ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਪੁਲੀਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।