ਪੱਤਰ ਪ੍ਰੇਰਕ
ਅਬੋਹਰ, 11 ਅਗਸਤ
ਪਿੰਡ ਝੋਰੜਖੇੜਾ ਵਿੱਚ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕਤਲ ਦੀ ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ, ਜਿਸ ਬਾਰੇ ਪੁਲੀਸ ਨੂੰ ਕੱਲ੍ਹ ਸੂਚਿਤ ਕੀਤਾ ਗਿਆ ਸੀ। ਸੂਚਨਾ ਮਿਲਦੇ ਹੀ ਪੁਲੀਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਦੋ ਘੰਟਿਆਂ ਵਿੱਚ ਹੀ ਇੱਕ ਮੁਲਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ, ਜਿਸ ਨੇ ਕਤਲ ਕਰਨ ਦੀ ਗੱਲ ਕਬੂਲ ਲਈ। ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਪੁਰਸ਼ੋਤਮ ਸਿੰਘ (50) ਤੇ ਉਸ ਦੀ ਪਤਨੀ ਸੁਖਦੀਪ ਕੌਰ (45) ਮਿਹਨਤ ਮਜ਼ਦੂਰੀ ਕਰਦੇ ਸਨ। ਪਿੰਡ ਦੇ ਹੀ ਇੱਕ ਹੋਰ ਵਸਨੀਕ ਬਲਦੇਵ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਪੁਰਸ਼ੋਤਮ ਸਿੰਘ ਦੇ ਨਾਜਾਇਜ਼ ਸਬੰਧ ਹਨ। ਇਸ ਸ਼ੱਕ ਦੇ ਆਧਾਰ ’ਤੇ ਹੀ ਬਲਦੇਵ ਸਿੰਘ ਨੇ ਬੀਤੇ ਸੋਮਵਾਰ ਦੀ ਰਾਤ ਪੁਰਸ਼ੋਤਮ ਸਿੰਘ ਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਘਰ ਵਿੱਚੋਂ ਬਦਬੂ ਆਉਣ ’ਤੇ ਆਂਢ ਗੁਆਂਢ ਦੇ ਲੋਕਾਂ ਨੇ ਥਾਣਾ ਬਹਾਵ ਵਾਲਾ ਵਿੱਚ ਸੂਚਨਾ ਦਿੱਤੀ। ਜਦੋਂ ਪੁਲੀਸ ਨੇ ਆ ਕੇ ਦੇਖਿਆ ਤਾਂ ਘਰ ਵਿੱਚ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਐੱਸਐੱਸਪੀ ਫਾਜ਼ਿਲਕਾ ਭੁਪਿੰਦਰ ਸਿੰਘ, ਐੱਸਪੀ ਜੀਐੱਸ ਸੰਘਾ ਨੇ ਆਪਣੀ ਟੀਮ ਨਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖੀ, ਜਿਸ ਮਗਰੋਂ ਬਲਦੇਵ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛ-ਪੜਤਾਲ ਦੌਰਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਨਾਲ ਪੁਰਸ਼ੋਤਮ ਸਿੰਘ ਦੇ ਨਾਜਾਇਜ਼ ਸਬੰਧ ਹੋਣ ਦੇ ਸ਼ੱਕ ਹੇਠ ਪੁਰਸ਼ੋਤਮ ਦੇ ਘਰ ਜਾ ਕੇ ਉਸ ਦਾ ਕਤਲ ਕੀਤਾ ਸੀ, ਪਰ ਮੌਕੇ ’ਤੇ ਉਸ ਦੀ ਪਤਨੀ ਜਾਗ ਪਈ, ਜਿਸ ਕਰਕੇ ਉਸ ਨੂੰ ਸੁਖਦੀਪ ਕੌਰ ਦਾ ਵੀ ਕਤਲ ਕਰਨਾ ਪਿਆ। ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।