ਗੁਰਬਖਸ਼ਪੁਰੀ
ਤਰਨ ਤਾਰਨ, 20 ਅਕਤੂਬਰ
ਹਰੀਕੇ ਪੱਤਣ ਦੀ ਭਗਤ ਰਵਿਦਾਸ ਕਲੋਨੀ ਵਿੱਚ ਬੀਤੀ ਰਾਤ ਲੁਟੇਰਿਆਂ ਨੇ ਪਤੀ-ਪਤਨੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸਾਬਕਾ ਫੌਜੀ ਸੁਖਦੇਵ ਸਿੰਘ (50) ਅਤੇ ਉਸ ਦੀ ਪਤਨੀ ਰਾਜਬੀਰ ਕੌਰ (42) ਵਜੋਂ ਹੋਈ ਹੈ। ਤਿੰਨੋਂ ਨਕਾਬਪੋਸ਼ ਲੁਟੇਰਿਆਂ ਨੇ ਘਰ ਅੰਦਰ ਜਬਰੀ ਦਾਖ਼ਲ ਹੋ ਕੇ ਵਾਰਦਾਤ ਕਰਨ ਤੋਂ ਪਹਿਲਾਂ ਹਥਿਆਰ ਦਿਖਾ ਕੇ ਉਨ੍ਹਾਂ ਦੀ ਧੀ ਸਿਮਰਨਜੀਤ ਕੌਰ ਅਤੇ ਨੂੰਹ ਬਲਜਿੰਦਰ ਕੌਰ ਨੂੰ ਸਟੋਰ ’ਚ ਬੰਦੀ ਬਣਾ ਦਿੱਤਾ ਅਤੇ ਉਨ੍ਹਾਂ ਨੂੰ ਕੀਮਤੀ ਸਾਮਾਨ ਦੇਣ ਲਈ ਕਿਹਾ। ਲੁਟੇਰਿਆਂ ਨੇ ਸੁਖਦੇਵ ਸਿੰਘ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਸੁਖਵਿੰਦਰ ਸਿੰਘ ਤੇ ਰਾਜਬੀਰ ਕੌਰ ਦਾ ਕਤਲ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਦੀ ਲੜਕੀ ਤੇ ਨੂੰਹ ਸਟੋਰ ਦਾ ਦਰਵਾਜ਼ਾ ਤੋੜ ਕੇ ਬਾਹਰ ਆਈਆਂ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਸਿਮਰਨਜੀਤ ਕੌਰ ਨੇ ਆਪਣੇ ਤਾਇਆ ਸਲਵਿੰਦਰ ਸਿੰਘ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਨੇ ਪੁਲੀਸ ਨੂੰ ਸਾਰੀ ਵਾਰਦਾਤ ਬਾਰੇ ਜਾਣੂ ਕਰਵਾਇਆ।
ਲੁਟੇਰੇ ਸੁਖਦੇਵ ਸਿੰਘ ਦੀ ਲਾਇਸੈਂਸੀ ਰਾਈਫਲ, 30,000 ਰੁਪਏ ਅਤੇ ਸੋਨੇ ਦੀਆਂ ਤਿੰਨ ਮੁੰਦਰੀਆਂ ਲੈ ਗਏ। ਥਾਣਾ ਮੁਖੀ ਹਰਜੀਤ ਸਿੰਘ ਨੇ ਘਟਨਾ ਨੂੰ ਮੁੱਢਲੇ ਤੌਰ ’ਤੇ ਲੁੱਟ-ਖੋਹ ਦੀ ਵਾਰਦਾਤ ਆਖਿਆ ਹੈ। ਐੱਸਪੀ ਵਿਸ਼ਾਲਜੀਤ ਸਿੰਘ, ਡੀਐੱਸਪੀ ਸਤਨਾਮ ਸਿੰਘ ਤੋਂ ਇਲਾਵਾ ਹਰੀਕੇ ਦੇ ਥਾਣਾ ਮੁਖੀ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਲੋੜੀਂਦੇ ਸਬੂਤ ਇਕੱਤਰ ਕੀਤੇ।
ਪੁਲੀਸ ਨੇ ਡਾਗ-ਸਕੁਐਡ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਮੌਕੇ ’ਤੇ ਸਬੂਤ ਇਕੱਤਰ ਕਰਨ ਲਈ ਬੁਲਾਇਆ। ਹਰੀਕੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।