ਜੋਗਿੰਦਰ ਸਿੰਘ ਮਾਨ
ਮਾਨਸਾ, 6 ਜਨਵਰੀ
ਮਾਨਸਾ ਨੇੜਲੇ ਪਿੰਡ ਮੂਸਾ ਵਿੱਚ ਇੱਕ ਨੌਜਵਾਨ ਅਤੇ ਉਸ ਦੀ ਮਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਇਹ ਵਾਰਦਾਤ ਮੰਗਲਵਾਰ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਮਾਨਸਾ ਸਦਰ ਪੁਲੀਸ ਅਨੁਸਾਰ ਜਗਸੀਰ ਸਿੰਘ (35) ਪੁੱਤਰ ਜਰਨੈਲ ਸਿੰਘ ਤੇ ਉਸ ਦੀ ਮਾਂ ਜਸਵਿੰਦਰ ਕੌਰ (65) ਵਾਸੀ ਮੂਸਾ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ। ਮੁਲਜ਼ਮਾਂ ਨੇ ਔਰਤ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਪਹਿਲੀ ਨਜ਼ਰੇ ਇਹ ਮਾਮਲਾ ਲੁੱਟਮਾਰ ਜਾਂ ਰੰਜਿਸ਼ ਕਾਰਨ ਕੀਤੇ ਕਤਲ ਦਾ ਲੱਗ ਰਿਹਾ ਹੈ। ਪਰਿਵਾਰ ਦਾ ਜ਼ਮੀਨ ਸਬੰਧੀ ਕੋਈ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਇਸ ਕਤਲ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਘਟਨਾ ਬਾਰੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਗਸੀਰ ਆਪਣੀ ਮਾਂ ਜਸਵਿੰਦਰ ਨਾਲ ਖੇਤਾਂ ਵਿੱਚ ਪਾਏ ਘਰ ਵਿੱਚ ਰਹਿੰਦਾ ਸੀ। ਕਤਲ ਬਾਰੇ ਪਤਾ ਉਦੋਂ ਲੱਗਿਆ ਜਦੋਂ ਸਫ਼ਾਈ ਦਾ ਕੰਮ ਕਰਨ ਆਉਂਦੀ ਔਰਤ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਅੱਗੋਂ ਕੋਈ ਨਾ ਬੋਲਿਆ। ਇਸ ਮਗਰੋਂ ਸ਼ੱਕ ਪੈਣ ’ਤੇ ਪਿੰਡ ਵਾਲਿਆਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਸੀਨੀਅਰ ਕਪਤਾਨ ਪੁਲੀਸ ਦੀਪਕ ਪਾਰਿਕ, ਡੀਐੱਸਪੀ ਗੋਬਿੰਦਰ ਸਿੰਘ ਅਤੇ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।