ਤੇਜਿੰਦਰ ਸਿੰਘ ਖ਼ਾਲਸਾ
ਚੋਹਲਾ ਸਾਹਿਬ, 20 ਜੂਨ
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੋਹਨਪੁਰਾ ਵਿੱਚ ਇਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿੱਚ ਸੁੱਤੇ ਮਾਂ-ਪੁੱਤ ਦੀ ਮੌਤ ਹੋ ਗਈ। ਹਾਦਸਾ ਕਰੀਬ ਰਾਤ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਰਾਤ ਨੂੰ ਹੀ ਪਿੰਡ ਵਾਲਿਆਂ ਦੀ ਮਦਦ ਨਾਲ ਦੋਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਮਨਜਿੰਦਰ ਕੌਰ ਅਤੇ ਉਸ ਦੇ ਬੇਟੇ ਏਕਮਜੀਤ ਸਿੰਘ (9) ਵਜੋਂ ਹੋਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਮਨਜਿੰਦਰ ਕੌਰ ਦੇ ਪਤੀ ਜਸਵਿੰਦਰ ਦੱਸਿਆ ਕਿ ਉਹ ਅਤੇ ਉਸ ਦਾ ਦੂਜਾ ਪੁੱਤਰ ਬਾਹਰ ਸੁੱਤੇ ਸਨ। ਕਾਫੀ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ। ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ ਤੇ ਮਾਂ ਪੁੱਤ ਮਲਬੇ ਹੇਠ ਦੱਬੇ ਗਏ। ਬਾਅਦ ਵਿੱਚ ਪਿੰਡ ਵਾਸੀਆਂ ਨੇ ਬੜੀ ਜਦੋਜਹਿਦ ਮਗਰੋਂ ਉਸ ਦੀ ਪਤਨੀ ਅਤੇ ਬੇਟੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ।