ਮਾਨਸਾ (ਪੱਤਰ ਪ੍ਰੇਰਕ): ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਸ਼ਾਰਪ ਸ਼ੂਟਰ ਦੀਪਕ ਮੁੰਡੀ ਦੇ ਅੱਜ ਪੰਜਾਬ ਪੁਲੀਸ ਦੇ ਹੱਥ ਚੜ੍ਹਨ ਦੀ ਚਰਚਾ ਚਲਦੀ ਰਹੀ ਪਰ ਉਹ ਹਾਲੇ ਵੀ ਪੰਜਾਬ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦਾਅਵਾ ਕੀਤਾ ਕਿ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਛੇਤੀ ਹੀ ਹਿਰਾਸਤ ਵਿੱਚ ਲਿਆ ਜਾਵੇਗਾ। ਉਨ੍ਹਾਂ ਨੇ ਦੀਪਕ ਨੂੰ ਫੜਨ ਦੀ ਚਰਚਾ ਨੂੰ ਅਫ਼ਵਾਹ ਕਰਾਰ ਦਿੱਤਾ। ਉਂਜ, ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਹੁਣ ਮਾਨਸਾ ਪੁਲੀਸ ਵੱਲੋਂ ਦੀਪਕ ਮੁੰਡੀ ਨੂੰ ਕਾਬੂ ਕਰਨ ਲਈ ਹਰ ਵਾਹ ਲਾਈ ਜਾ ਰਹੀ ਹੈ। ਇਸੇ ਦੌਰਾਨ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜੇ ਮੁੱਖ ਸ਼ੂਟਰ ਪ੍ਰਿਆਵਰਤ ਫ਼ੌਜੀ, ਸ਼ੂਟਰ ਕਸ਼ਿਸ਼ ਅਤੇ ਦੀਪਕ ਟੀਨੂੰ ਨੂੰ ਅੱਜ ਸ਼ਾਮ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ 29 ਜੁਲਾਈ ਤੱਕ ਰਿਮਾਂਡ ਹਾਸਲ ਕੀਤਾ ਹੈ। ਆਲਟੋ ਕਾਰ ਮਾਮਲੇ ’ਚ ਤਿੰਨਾਂ ਜਾਣਿਆਂ ਨੂੰ ਅਚਾਨਕ ਹੀ ਦੇਰ ਸ਼ਾਮ ਗੋਬਿੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।