ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਗਸਤ
ਇੱਥੋਂ ਦੀ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਰੇਕੀ ਦੇ ਮਾਮਲੇ ਦੀ ਜਾਂਚ ਲਈ ਗਾਇਕ ਦੇ ਘਰ ਦੀ ਸੀਸੀਟੀਵੀ ਫੁਟੇਜ ਘੋਖਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਮੂੁਸਾ ਵਿੱਚ ਗੁਆਂਢੀਆਂ ਦੇ ਘਰ ਲੱਗੇ ਦੋ ਸੀਸੀਟੀਵੀ ਕੈਮਰਿਆਂ ਦਾ ਮੂੰਹ ਸਿੱਧੂ ਮੂਸੇਵਾਲਾ ਦੀ ਹਵੇਲੀ ਵੱਲ ਹੋਣ ਕਰਕੇ ਗੁਆਂਢੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਜਾਂਚ-ਪੜਤਾਲ ਕਰ ਰਹੀ ਹੈ ਅਤੇ ਕਈ ਹੋਰ ਗੁਪਤ ਜਾਣਕਾਰੀਆਂ ਨੂੰ ਵੱਖ ਵੱਖ ਪਹਿਲੂਆਂ ਤੋਂ ਵਾਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਧਿਆਨ ਵਿੱਚ ਆਏ ਗੁਆਂਢੀਆਂ ਦੇ ਸੀਸੀਟੀਵੀ ਕੈਮਰਿਆਂ ਦੀ ਬਕਾਇਦਾ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗੁਆਂਢੀਆਂ ਨੇ ਕਿਸੇ ਵੀ ਤਰ੍ਹਾਂ ਦੀ ਰੇਕੀ ਤੋਂ ਇਨਕਾਰ ਕੀਤਾ ਹੈ ਪਰ ਪੁਲੀਸ ਉਨ੍ਹਾਂ ਦੇ ਘਰ ਲੱਗੇ ਕੈਮਰਿਆਂ ਸਮੇਤ ਮੋਬਾਈਲ ਫੋਨਾਂ ਦੀ ਪੜਤਾਲ ਕਰ ਰਹੀ ਹੈ। ਪੁਲੀਸ ਮੁਤਾਬਕ ਸਿੱਧੂ ਮੂਸੇਵਾਲਾ ਦੇ ਘਰ ਸਾਹਮਣੇ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਦੋ ਭਰਾਵਾਂ ਦਾ ਘਰ ਹੈ। ਇਨ੍ਹਾਂ ਵਿੱਚੋਂ ਜਗਤਾਰ ਸਿੰਘ ਮੁਹਾਲੀ ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਪਿੰਡ ਮੂਸੇਵਾਲਾ ਵਿਚਲਾ ਘਰ ਪੰਜਾਬੀ ਗਾਇਕ ਦੇ ਘਰ ਤੋਂ 200 ਮੀਟਰ ਦੂਰ ਹੈ ਪਰ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਮਰਿਆਂ ਦੀ ਰੇਂਜ ਸਿਰਫ਼ 100 ਮੀਟਰ ਹੀ ਹੈ। ਪਰਿਵਾਰ ਨੇ ਦੱਸਿਆ ਕਿ ਪਿੰਡ ਵਿੱਚ ਦੋ ਕਤਲ ਹੋਣ ਮਗਰੋਂ ਉਨ੍ਹਾਂ ਪੁਲੀਸ ਦੇ ਕਹਿਣ ’ਤੇ ਹੀ ਸੀਸੀਟੀਵੀ ਕੈਮਰੇ ਲਗਵਾਏ ਸਨ ਅਤੇ ਉਸ ਵੇਲੇ ਸਿੱਧੂ ਮੂਸੇਵਾਲਾ ਦਾ ਘਰ ਪਿੰਡ ਵਿੱਚ ਹੁੰਦਾ ਸੀ। ਅਵਤਾਰ ਸਿੰਘ ਨੇ ਹਰ ਤਰ੍ਹਾਂ ਦੀ ਪੁੱਛ ਪੜਤਾਲ ਵਿੱਚ ਸਹਿਯੋਗ ਦੇਣ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ 2020 ਵਿੱਚ ਅਵਤਾਰ ਸਿੰਘ, ਜਗਤਾਰ ਸਿੰਘ ਅਤੇ ਕੰਵਰਪਾਲ ਸਮੇਤ ਕੁਝ ਹੋਰ ਜਣਿਆਂ ਖ਼ਿਲਾਫ਼ ਇੱਕ ਕੇਸ ਦਰਜ ਹੋਇਆ ਸੀ, ਜਿਸ ਵਿੱਚ ਮੂਸੇਵਾਲਾ ਦੇ ਗੀਤ ਲੀਕ ਕਰਨ ਦੇ ਦੋਸ਼ ਲੱਗੇ ਸਨ। ਐੱਸਐੱਸਪੀ ਗੌਰਵ ਤੂਰਾ ਨੇ ਅੱਜ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੂੰ ਮੁੜ ਭਰੋਸਾ ਦਿਵਾਇਆ ਕਿ ਪੁਲੀਸ ਮਾਮਲੇ ਦੀ ਜਾਂਚ-ਪੜਤਾਲ ਜਾਰੀ ਰੱਖੇਗੀ।