ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਕਤੂਬਰ
ਇੱਥੋਂ ਦੀ ਅਨਾਜ ਮੰਡੀ ਵਿੱਚ ਡੈਮੋਕਰੈਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਮਨਰੇਗਾ ਕਾਮਿਆਂ ਨੇ ਸ਼ਮੂਲੀਅਤ ਕਰਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਕਾਨਫਰੰਸ ’ਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਡਾਕਟਰ ਖੁਸ਼ਹਾਲ ਸਿੰਘ, ਐੱਸਪੀ ਸਿੰਘ ਅਤੇ ਇੰਜਨੀਅਰ ਅਸ਼ੋਕ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਮਨਰੇਗਾ ਤਹਿਤ ਬੇਰੁਜ਼ਗਾਰੀ ਭੱਤੇ ਦਾ ਫੰਡ ਨਾ ਰੱਖਣ ਨੂੰ ਸੰਵਿਧਾਨਕ ਉਲੰਘਣਾ ਕਰਾਰ ਦਿੱਤਾ ਗਿਆ। ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ ਅਤੇ ਭੋਲਾ ਸਿੰਘ ਘਾਸੀਵਾਲ ਨੇ ਕਿਹਾ ਕਿ 17 ਸਾਲ ਬੀਤ ਜਾਣ ’ਤੇ ਵੀ ਮਨਰੇਗਾ ਕਾਨੂੰਨ ਅਨੁਸਾਰ ਪੰਜਾਬ ਵਿੱਚ ਕਿਤੇ ਵੀ 100 ਦਿਨ ਦਾ ਕੰਮ ਨਹੀਂ ਦਿੱਤਾ ਗਿਆ। ਕੰਮ ਨਾ ਦੇਣ ’ਤੇ ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਲਈ ਫੰਡ ਨਾ ਰੱਖ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਬੁਲਾਰਿਆਂ ਨੇ ਮਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦਾ ਮਹੱਤਵ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦੇ ਨਿਯਮ ਬਣਾਉਣ, ਮਨਰੇਗਾ ਤਹਿਤ 100 ਦਿਨ ਦੀ ਜਗ੍ਹਾ 200 ਦਿਨ ਕੰਮ ਦੇਣ ਅਤੇ ਦਿਹਾੜੀ ਦੀ ਰਕਮ ਘੱਟੋ ਘੱਟ ਉਜਰਤ ਕਾਨੂੰਨ ਮੁਤਾਬਕ ਦੇਣ ਦੀ ਮੰਗ ਕੀਤੀ।