ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਅਕਤੂਬਰ
ਕੇਂਦਰੀ ਜੇਲ੍ਹ, ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਜੇਲ੍ਹ ਦੇ ਮੈਡੀਕਲ ਅਫ਼ਸਰ ਨੂੰ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਕਥਿਤ ਤੌਰ ’ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਇਸ ਦੀ ਪੁਸ਼ਟੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਕੀਤੀ ਹੈ। ਜੇਲ੍ਹ ਮੈਡੀਕਲ ਅਫਸਰ ਦੀ ਸ਼ਨਾਖਤ ਡਾ. ਦਵਿੰਦਰ ਸਿੰਘ ਵਜੋਂ ਹੋਈ ਹੈ। ਉਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੋ ਕੈਦੀਆਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਨੂੰ 194 ਗ੍ਰਾਮ ਹੈਰੋਇਨ ਸਪਲਾਈ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਇਨ੍ਹਾਂ ਵਿਅਕਤੀਆਂ ਨੂੰ ਅਗਲੀ ਕਾਰਵਾਈ ਲਈ ਸਪੈਸ਼ਲ ਟਾਸਕ ਫੋਰਸ ਦੇ ਹਵਾਲੇ ਕੀਤਾ ਗਿਆ ਹੈ। ਐੱਸਟੀਐੱਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ 100 ਗ੍ਰਾਮ ਹੈਰੋਇਨ ਜੇਲ੍ਹ ਮੈਡੀਕਲ ਅਧਿਕਾਰੀ ਕੋਲੋਂ ਤੇ 94 ਗ੍ਰਾਮ ਨਸ਼ੀਲਾ ਪਦਾਰਥ ਉਸ ਦੇ ਸਾਥੀ ਤਰਸੇਮ ਸਿੰਘ ਅਟਾਰੀ ਕੋਲੋਂ ਬਰਾਮਦ ਕੀਤਾ ਗਿਆ। ਐੱਸਟੀਐੱਫ ਨੇ ਇਨ੍ਹਾਂ ਦੇ ਤੀਜੇ ਸਾਥੀ ਸੁਖਪ੍ਰੀਤ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਐੱਸਟੀਐੱਫ਼ ਵੱਲੋਂ ਜੇਲ੍ਹ ’ਚ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ਹੇਠ ਵਾਰਡਨ ਰਸ਼ਪਾਲ ਸਿੰਘ ਤੇ ਵਾਰਡਨ ਸੁਬੇਗ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨਾਲ ਤਿੰਨ ਕੈਦੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਹੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚ ਜਾਂਚ ਕੀਤੀ ਸੀ ਤੇ ਜਾਂਚ ਦੌਰਾਨ ਅੱਠ ਮੋਬਾਈਲ ਫੋਨ ਤੇ ਹੋਰ ਵਸਤਾਂ ਬਰਾਮਦ ਹੋਈਆਂ ਸਨ।