ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ
ਪਿੰਡ ਖਿਆਲਾ ਕਲਾਂ ਵਿੱਚ ਪਾਣੀ ਦੇ ਝਗੜੇ ਕਾਰਨ ਦੋ ਧਿਰਾਂ ਵਿੱਚ ਗੋਲੀਬਾਰੀ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਉਣ ਤੋਂ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਮਾਨਸਾ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਖਿਆਲਾ ਕਲਾਂ ਸਕਾ ਭਰਾ ਨਿਰਭੈ ਸਿੰਘ, ਅਜਾਇਬ ਸਿੰਘ ਅਤੇ ਨੈਬ ਸਿੰਘ ਵਿਚਕਾਰ ਪਾਣੀ ਵਾਲੇ ਖਾਲ ਕਾਰਨ ਝਗੜਾ ਚੱਲ ਰਿਹਾ ਹੈ। ਇਨ੍ਹਾਂ ਦੇ ਛੋਟੇ ਭਰਾ ਹਰਬੰਸ ਸਿੰਘ ਨੇ ਸ਼ੁੱਕਰਵਾਰ ਦੀ ਸ਼ਾਮ ਆਪਣੇ ਖੇਤ ਨੂੰ ਪਾਣੀ ਲਾ ਲਿਆ, ਜਦੋਂ ਅਜਾਇਬ ਸਿੰਘ ਆਪਣੇ ਖੇਤ ਨੂੰ ਪਾਣੀ ਲਾਉਣ ਲੱਗਿਆ ਤਾਂ ਨਿਰਭੈ ਸਿੰਘ ਨੇ ਉਸ ਨੂੰ ਰੋਕਿਆ, ਜਿਸ ਦੌਰਾਨ ਕੁੱਝ ਵਿਅਕਤੀ ਉਥੇ ਹਥਿਆਰ ਲੈਕੇ ਪਹੁੰਚ ਗਏ, ਜਿਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਮਨਦੀਪ ਸਿੰਘ, ਜਸਵਿੰਦਰ ਸਿੰਘ, ਅਜਾਇਬ ਸਿੰਘ ਅਤੇ ਨੈਬ ਸਿੰਘ ਜ਼ਖ਼ਮੀ ਹੋ ਗਏ। ਹਸਪਤਾਲ ਮਾਨਸਾ ਦੇ ਡਾ. ਵਿਲੀਅਮ ਨੇ ਦੱਸਿਆ ਕਿ ਉਨ੍ਹਾਂ ਕੋਲ ਚਾਰ ਵਿਅਕਤੀ ਜਖ਼ਮੀ ਹਾਲਤ ਵਿੱਚ ਪਹੁੰਚੇ ਹਨ, ਜਿਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਸਦਰ ਮਾਨਸਾ ਦੇ ਮੁੱਖੀ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਗੋਲੀਬਾਰੀ ਅਤੇ ਝਗੜੇ ਨਾਲ ਸਬੰਧਤ ਮਾਨਸਾ ਵਿਖੇ ਦਾਖ਼ਲ ਵਿਅਕਤੀ ਬਾਹਰ ਲਈ ਰੈਫ਼ਰ ਕਰ ਦਿੱਤੇ ਗਏ ਹਨ ਅਤੇ ਪੁਲੀਸ ਟੀਮ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਗਈ ਹੋਈ ਹੈ।