ਸ਼ਸ਼ੀਪਾਲ ਜੈਨ/ਪੀਟੀਆਈ
ਖਰੜ, ਚੰਡੀਗੜ੍ਹ, 7 ਮਈ
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮਨੁੱਖ ਨੇ ਆਪਣੇ ਵਿਕਾਸ ਦੀ ਖੋਜ ਵਿੱਚ ਕੁਦਰਤ ਨੂੰ ‘ਹੱਦੋਂ ਵੱਧ’ ਨੁਕਸਾਨ ਪਹੁੰਚਾਇਆ ਹੈ ਅਤੇ ਉਨ੍ਹਾਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦੇਸ਼ ਦੀਆਂ ਹੇਠਲੀਆਂ ਅਦਾਲਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਕੇਂਦਰਿਤ ਨਜ਼ਰੀਆ ਅਪਣਾਉਣ ਅਤੇ ਫ਼ੈਸਲੇ ਦਿੰਦੇ ਸਮੇਂ ਸਥਾਨਕ ਆਬਾਦੀ ਅਤੇ ਜੈਵ ਵਿਭਿੰਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ। ਨਾਇਡੂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ‘ਵਾਤਾਵਰਨ ਵਿਭਿੰਨਤਾ ਅਤੇ ਵਾਤਾਵਰਣ ਨਿਆਂ-ਸ਼ਾਸਤਰ’ ਵਿਸ਼ੇ ’ਤੇ ਕਰਵਾਈ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ’ ਨੂੰ ਸੰਬੋਧਨ ਕਰ ਰਹੇ ਸਨ। ਨਾਇਡੂ ਨੇ ਕਿਹਾ, ‘‘ਵਿਕਾਸ ਦੀ ਖੋਜ ਵਿੱਚ ਅਸੀਂ ਕੁਦਰਤ ਨੂੰ ਹੱਦ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ, ਜੰਗਲ ਤਬਾਹ ਕੀਤੇ ਹਨ, ਵਾਤਾਵਰਨ ਦੇ ਸੰਤੁਲਨ ਨੂੰ ਵਿਗਾੜਿਆ ਹੈ, ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਹੈ, ਜਲ ਸਰੋਤਾਂ ’ਤੇ ਕਬਜ਼ਾ ਕੀਤਾ ਹੈ ਅਤੇ ਹੁਣ ਅਸੀਂ ਇਸ ਦੇ ਮਾੜੇ ਨਤੀਜੇ ਭੁਗਤ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਮੇਰੇ ਸ਼ਬਦ ਬਹੁਤ ਕਠੋਰ ਹੋ ਸਕਦੇ ਹਨ, ਪਰ ਇਹ ਸੱਚਾਈ ਹੈ। ਲੋੜ ਹੈ ਮਾਨਸਿਕਤਾ ਬਦਲਣ ਦੀ। ਸਾਡੇ ਕੋਲ ਕਾਫ਼ੀ ਕਾਨੂੰਨ ਅਤੇ ਕਾਫ਼ੀ ਨਿਯਮ ਹਨ, ਪਰ ਲੋੜ ਹੈ ਮਾਨਸਿਕਤਾ ਬਦਲਣ ਦੀ। ਜਦੋਂ ਤੱਕ ਵਿਸ਼ਵ ਪੱਧਰ ’ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਲੋਕ ਲਹਿਰ ਨਹੀਂ ਬਣ ਜਾਂਦੀ, ਉਦੋਂ ਤੱਕ ਭਵਿੱਖ ਬਹੁਤ ਧੁੰਦਲਾ ਹੈ।’’
ਵਾਤਾਵਰਨ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘‘ਵਾਤਾਵਰਨ ਸੰਭਾਲ ਜਾਂ ਹੋਰਨਾ ਸੰਵੇਦਨਸ਼ੀਲ ਮੁੱਦਿਆਂ ਬਾਰੇ ਸੋਚਣਾ ਸਿਰਫ਼ ਸਰਕਾਰ ਦਾ ਫ਼ਰਜ਼ ਨਹੀਂ ਹੈ, ਸਗੋਂ ਧਰਤੀ ਨੂੰ ਬਚਾਉਣ ਲਈ ਹਰੇਕ ਨਾਗਰਿਕ ਅਤੇ ਹਰੇਕ ਮਨੁੱਖ ਨੂੰ ਅੱਗੇ ਆਉਣਾ ਪਵੇਗਾ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਲਵਾਯੂ ਕਾਰਵਾਈ ਵਿੱਚ ਭਾਰਤ ਹਮੇਸ਼ਾ ਦੁਨੀਆ ਦੀ ਅਗਵਾਈ ਕਰਦਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ, ਭਾਰਤੀ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਜੇ ਕ੍ਰਿਸ਼ਨ ਕੌਲ, ਜੱਜ ਸੁਪਰੀਮ ਕੋਰਟ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਬੀਆਰ ਗਵਈ ਅਤੇ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਸ਼ੀਓਮੀ ਸ਼ਾਰਪ, ਜਸਟਿਸ ਮੁਹੰਮਦ ਰਫੀਕ ਅਤੇ ਐੱਨਜੀਟੀ ਦੇ ਸਾਬਕਾ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਹਰਜੋਤ ਬੈਂਸ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੋ. ਹਿਮਾਨੀ ਸੂਦ ਅਤੇ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰਐੱਸ ਬਾਵਾ ਵੀ ਮੌਜੂਦ ਸਨ।