ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ 13 ਜਨਵਰੀ
ਕਰੋਨਾ ਦੀਆਂ ਪਾਬੰਦੀਆਂ ਦੇ ਬਾਵਜੂਦ ਮੇਲਾ ਮਾਘੀ ’ਤੇ ਸ਼ਰਧਾਲੂਆਂ ਦੀ ਆਮਦ ਜਾਰੀ ਹੈ। ਨਿਹੰਗ ਸਿੰਘ ਆਪਣੇ ਰਵਾਇਤੀ ਅੰਦਾਜ਼ ਵਿੱਚ ਇਥੇ ਪੁੱਜ ਗਏ ਹਨ। ਇਥੇ ਨਿਹੰਗ ਸਿੰਘਾਂ ਦੀਆਂ ਕਈ ਛਾਉਣੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਛਾਉਣੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਨੇੜੇ ਤੇ ਕਰੀਬ ਅੱਧੀ ਦਰਜਨ ਛਾਉਣੀਆਂ ਗੁਰਦੁਆਰਾ ਟਿੱਬੀ ਸਾਹਿਬ ਦੇ ਆਲੇ-ਦੁਆਲੇ ਲਾਈਆਂ ਹਨ। ਇਸੇ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 14 ਜਨਵਰੀ ਨੂੰ ਛੁੱਟੀ ਰਹੇਗੀ। ਇਹ ਹੁਕਮ ਮੁੱਖ ਸਕੱਤਰ ਅਨੀਰੁਧ ਤਿਵਾੜੀ ਵੱਲੋਂ ਜਾਰੀ ਕੀਤੇ ਗਏ ਹਨ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਮਾਘੀ ਦਾ ਇਸ਼ਨਾਨ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ’ਚ 13 ਜਨਵਰੀ ਦੀ ਰਾਤ ਨੂੰ 12 ਵਜੇ ਸ਼ੁਰੂ ਹੋ ਜਾਵੇਗਾ ਤੇ 14 ਜਨਵਰੀ ਦਾ ਸਾਰਾ ਦਿਨ ਜਾਰੀ ਰਹੇਗਾ। ਸ੍ਰੀ ਦਰਬਾਰ ਸਾਹਿਬ ਦੇ ਕਿਵਾੜ 13 ਜਨਵਰੀ ਦੀ ਰਾਤ ਨੂੰ 12 ਵਜੇ ਖੋਲ੍ਹੇ ਜਾਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਾਤ ਨੂੰ 12.30 ਵਜੇ ਹੋਵੇਗਾ। ਇਸੇ ਦੌਰਾਨ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ ਤੇ ਅੰਮ੍ਰਿਤ ਸੰਚਾਰ ਹੋਣਗੇ। 15 ਜਨਵਰੀ ਨੂੰ ਸਵੇਰੇ ਨਗਰ ਕੀਰਤਨ ਤੇ 16 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਨਿਹੰਗ ਸਿੰਘਾਂ ਦੀ ਘੌੜ-ਦੌੜ ਹੋਵੇਗੀ, ਜਿਸ ਨਾਲ ਧਾਰਮਿਕ ਮੇਲਾ ਸਮਾਪਤ ਹੋਵੇਗਾ।
ਮਾਘੀ ਮੇਲੇ ਲਈ ਵਿਸ਼ੇਸ਼ ਰੇਲਾਂ
ਮਾਘੀ ਦੇ ਮੇਲੇ ਲਈ 14, 15 ਤੇ 16 ਜਨਵਰੀ ਨੂੰ ਸ਼ਰਧਾਲੂਆਂ ਲਈ ਸਪੈਸ਼ਲ ਰੇਲਾਂ ਚਲਾਈਆ ਜਾਣਗੀਆਂ। ਸਵੇਰੇ ਬਠਿੰਡਾ ਤੋਂ 8 ਵਜੇ ਚੱਲ ਕੇ ਕੋਟਕਪੂਰਾ 9:03 ਮਿੰਟ ਤੇ ਸ੍ਰੀ ਮੁਕਤਸਰ ਸਾਹਿਬ 9:44 ਮਿੰਟ ਤੇ ਅਤੇ ਫਾਜ਼ਿਲਕਾ 11 ਪਹੁੰਚੇਗੀ। ਦੂਸਰੀ ਗੱਡੀ ਕੋਟਕਪੂਰਾ ਤੋਂ ਬਾਅਦ ਦੁਪਹਿਰ 1:15 ’ਤੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ 1:54 ’ਤੇ ਅਤੇ ਫਾਜ਼ਿਲਕਾ 3:10 ’ਤੇ ਪਹੁੰਚੇਗੀ। ਇਸੇ ਤਰ੍ਹਾਂ ਫਾਜ਼ਿਲਕਾ ਤੋਂ ਸਵੇਰੇ 11:10 ’ਤੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਦੁਪਹਿਰ 12:10 ਅਤੇ ਕੋਟਕਪੂਰਾ 1:05 ’ਤੇ ਪਹੂੰਚੇਗੀ। ਸ਼ਾਮ ਨੂੰ ਫਾਜ਼ਿਲਕਾ ਤੋਂ 5:00 ਵਜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ 6:00 ਵਜੇ ਕੋਟਕਪੂਰਾ 6:55 ਵਜੇ ਤੇ ਬਠਿੰਡਾ 8:20 ’ਤੇ ਪਹੁੰਚੇਗੀ।
ਸਿਆਸੀ ਕਾਨਫਰੰਸਾਂ ’ਤੇ ਪਾਬੰਦੀ, ਨਾਟ ਮੇਲੇ ਤੇ ਪੁਸਤਕ ਮੇਲੇ ਨੂੰ ਮਨਜ਼ੂਰੀ
ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮੇਲਾ ਮਾਘੀ ਵਿੱਚ ਉਹੀ ਵਿਅਕਤੀ ਦਾਖਲ ਹੋ ਸਕਦਾ ਹੈ, ਜਿਸ ਦੇ ਦੋਵੇਂ ਟੀਕੇ ਲੱਗੇ ਹੋਣ ਜਾਂ 72 ਘੰਟੇ ਤੱਕ ਪੁਰਾਣੀ ਨੈਗੇਟਿਵ ਕਰੋਨਾ ਰਿਪੋਰਟ ਹੋਵੇ। ਇਸੇ ਤਰ੍ਹਾਂ ਗੁਰਦੁਆਰੇ ਵਿੱਚ 700 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਕਰਨ ਦੇ ਨਿਰਦੇਸ਼ ਹਨ। ਉਨ੍ਹਾਂ ਦੱਸਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਕਾਨਫਰੰਸਾਂ ’ਤੇ ਰੋਕ ਲਾਈ ਗਈ ਹੈ।