ਲੁਧਿਆਣਾ: ਲਾਰੈਂਸ ਬਿਸ਼ਨੋਈ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੁਧਿਆਣਾ ਕਮਿਸ਼ਨਰੇਟ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਸਖ਼ਤ ਸੁਰੱਖਿਆ ਹੇਠ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜੇਲ੍ਹ ਤੋਂ ਇਥੇ ਲਿਆਂਦਾ ਗਿਆ ਅਤੇ ਉਸ ਨੂੰ ਅਦਾਲਤ ਅੰਦਰ ਪੇਸ਼ ਕਰ 7 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ। ਜੱਗੂ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਅਕਾਲੀ ਨੇਤਾ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਰਾਹੀਂ ਹੀ ਆਪਣੇ ਨਜ਼ਦੀਕੀ ਸਾਥੀ ਮਨੀ ਰਈਆ ਤੇ ਮਨਦੀਪ ਤੂਫ਼ਾਨ ਨੂੰ ਫਾਰਚੂਨਰ ਕਾਰ ਦੇ ਰਾਹੀਂ ਬਠਿੰਡਾ ਪਹੁੰਚਾਇਆ ਸੀ ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਹਥਿਆਰਾਂ ਨਾਲ ਮੁਲਜ਼ਮਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਸਤਬੀਰ ਅਤੇ ਸੰਦੀਪ ਕਾਹਲੋਂ ਦੋਵੇਂ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਹਨ ਅਤੇ ਇਸੇ ਕਰਕੇ ਲੁਧਿਆਣਾ ਪੁਲੀਸ ਪੁੱਛ-ਪੜਤਾਲ ਲਈ ਜੱਗੂ ਨੂੰ ਪ੍ਰੋੋਡਕਸ਼ਨ ਵਾਰੰਟ ’ਤੇ ਲਿਆਈ ਹੈ। ਸੂਤਰਾਂ ਮੁਤਾਬਕ ਬਾਕੀ ਮੁਲਜ਼ਮਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। -ਟਨਸ