ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਸਿਹਤ ਬੀਮਾ ਯੋਜਨਾ ਤਹਿਤ ਦਿੱਤੀ ਗਈ ਇਲਾਜ ਦੀ ਸਹੂਲਤ ਫਿਲਹਾਲ ਅੱਜ ਤੋਂ ਬੰਦ ਹੋ ਗਈ ਹੈ। ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਦਸੰਬਰ ਤੱਕ ਦੀ ਅਦਾਇਗੀ ਨਹੀਂ ਕੀਤੀ ਜੋ ਇਸ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦਾ ਇਲਾਜ ਕਰ ਰਹੇ ਸਨ। ਨਿੱਜੀ ਹਸਪਤਾਲਾਂ ਵੱਲੋਂ 9 ਮਈ ਤੋਂ ਮਰੀਜ਼ਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ ਅਤੇ ਦਾਖ਼ਲ ਹੋਣ ’ਤੇ ਇਲਾਜ ਦਾ ਪੂਰਾ ਖ਼ਰਚਾ ਦੇਣਾ ਪਵੇਗਾ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾ ਰੋਸ ਹੈ ਕਿ ਜਦੋਂ ਤੱਕ ਸਰਕਾਰ ਪਿਛਲੇ ਬਕਾਇਆ ਬਿੱਲਾਂ ਦੀ ਅਦਾਇਗੀ ਨਹੀਂ ਕਰਦੀ ਉਦੋਂ ਤੱਕ ਨਿੱਜੀ ਹਸਪਤਾਲ ਇਸ ਸਕੀਮ ਤਹਿਤ ਲੋਕਾਂ ਦਾ ਇਲਾਜ ਮੁਫ਼ਤ ਵਿੱਚ ਕਰਨ ਤੋਂ ਅਸਮਰੱਥ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੇ ਵੀ ਧਿਆਨ ਵਿੱਚ ਹੈ। ਸੂਤਰਾਂ ਅਨੁਸਾਰ ਪਿਛਲੀ ਸਰਕਾਰ ਸਮੇਂ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿੱਚ ਵੱਡੀਆਂ ਬੇਨਿਯਮੀਆਂ ਹੋਈਆਂ ਸਨ, ਜਿਸ ਕਾਰਨ ਭੁਗਤਾਨ ਅਤੇ ਇਸ ਨੂੰ ਚੱਲਦਾ ਰੱਖਣ ਦੀ ਯੋਜਨਾ ਉਲਝ ਕੇ ਰਹਿ ਗਈ ਹੈ। ਆਈਐੱਮਏ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ ਨੇ ਦੱਸਿਆ ਕਿ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪਿਛਲੇ ਸਮੇਂ ਵਿੱਚ ਸੂਬੇ ਦੇ ਕਰੀਬ 700 ਨਿੱਜੀ ਹਸਪਤਾਲਾਂ ਨੇ ਲੋਕਾਂ ਨੂੰ ਮੁਫ਼ਤ ਇਲਾਜ ਉਪਲੱਬਧ ਕਰਵਾਇਆ ਅਤੇ ਦਸੰਬਰ 2021 ਤੱਕ ਉਨ੍ਹਾਂ ਨੂੰ ਇਸ ਦੀ ਅਦਾਇਗੀ ਸਰਕਾਰ ਵੱਲੋਂ ਨਹੀਂ ਹੋ ਸਕੀ। ਇਸ ਕਾਰਨ ਹੁਣ ਉਨ੍ਹਾਂ ਅੱਗੇ ਤੋਂ ਯੋਜਨਾ ਤਹਿਤ ਮੁਫ਼ਤ ਇਲਾਜ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਖਰਚੇ ਜ਼ਿਆਦਾ ਹੋਣ ਕਾਰਨ ਨਿੱਜੀ ਹਸਪਤਾਲਾਂ ਨੂੰ ਚਲਦਾ ਰੱਖਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀ ਹਸਪਤਾਲਾਂ ਦੇ ਖਾਤੇ ਵਿੱਚ ਬਕਾਇਆ ਰਹਿੰਦੀਆਂ ਅਦਾਇਗੀਆਂ ਛੇਤੀ ਕੀਤੀਆਂ ਜਾਣ। ਮਾਨਸਾ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ, ਜਿਨ੍ਹਾਂ ਵੱਲੋਂ ਇਹ ਸਕੀਮ ਬਹਾਲ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਦੀਆਂ ਬੇਨਿਯਮੀਆਂ ਕਾਰਨ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਠੱਪ ਹੋਈ ਹੈ। ਇਸ ਮਸਲੇ ਬਾਰੇ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪ੍ਰਾਈਵੇਟ ਸਮੇਤ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੇ ਇਲਾਜ ਲਈ ਪਿਛਲੀਆਂ ਸਰਕਾਰਾਂ ਨਾਲੋਂ ਵਧੀਆ ਬੰਦੋਬਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹਰ ਵਿਅਕਤੀ ਨੂੰ ਦਿੱਲੀ ਦੀ ਤਰਜ਼ ’ਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਬਹੁਤ ਹੀ ਜਲਦੀ ਪ੍ਰਬੰਧ ਕੀਤਾ ਜਾਵੇਗਾ।