ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਅਪਰੈਲ
ਇਥੋਂ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ ਨੂੰ ਤਿੰਨ ਸਾਲਾਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਗੇਟ ਮੂਹਰੇ ਲਗਾਤਾਰ ਲੱਗਿਆ ਧਰਨਾ 97 ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਸਮੇਂ ਕਾਲਜ ਸਟਾਫ ਦੇ ਆਗੂ ਕਮਲ ਗਰਗ, ਰਾਜ ਕੁਮਾਰ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ 36 ਮਹੀਨਿਆਂ ਤੋਂ ਤਨਖਾਹ ਦੇ ਰੂਪ ਵਿੱਚ ਕੋਈ ਪੈਸਾ ਪਾਈ ਨਹੀਂ ਮਿਲੀ, ਜਿਸ ਕਾਰਨ ਘਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਨ੍ਹਾਂ ਘਰੇਲੂ ਹਾਲਾਤਾਂ ਕਾਰਨ ਹੀ ਪਿਛਲੇ ਦਿਨੀਂ ਦਵਿੰਦਰ ਸਿੰਘ ਦਫਤਰ ਦੇ ਅੰਦਰ ਹੀ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ, ਜਦੋਂ ਕਿ ਦਵਿੰਦਰ ਸਿੰਘ ਦੇ ਘਰ ਵਾਂਗ ਬਾਕੀ ਮੈਂਬਰਾਂ ਦੇ ਵੀ ਹਾਲਾਤ ਬਣ ਚੁੱਕੇ ਹਨ। ਦਵਿੰਦਰ ਸਿੰਘ ਨਮਿੱਤ 8 ਅਪਰੈਲ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਖੇ ਹੀ ਭੋਗ ਪਾਏ ਜਾਣਗੇ। ਆਗੂਆਂ ਨੇ ਕਿਹਾ ਕਿ ਦਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪੰਜ ਲੱਖ ਦਾ ਚੈੱਕ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਸੀ, ਪੰਜ ਲੱਖ ਰੁਪਏ ਦਾ ਚੈੱਕ ਭੋਗ ਮੌਕੇ ਅਤੇ ਬਾਕੀ ਦੀਆਂ ਦੀ ਸਟਾਫ ਨੂੰ ਛੇ ਮਹੀਨਿਆਂ ਦੀ ਤਨਖਾਹ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਹੋਰ ਵਿੱਤੀ ਲਾਭ ਦੇਣ ਦਾ ਵਿਸ਼ਵਾਸ ਦਿਵਾਇਆ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਅਤੇ ਅੱਗੇ ਤੋਂ ਤਨਖਾਹਾਂ ਸਬੰਧੀ ਪੱਕੇ ਪ੍ਰਬੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਾਲਜ ਮੂਹਰੇ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਬਾਰੇ ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ।