ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਮਈ
ਫ਼ਰੀਦਕੋਟ ਹਲਕੇ ਵਿੱਚ ਐਤਕੀਂ ਬਹੁਕੋਣੀ ਟੱਕਰ ਹੈ ਅਤੇ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਉਮੀਦਵਾਰਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਉਮੀਦਵਾਰਾਂ ਦੀਆਂ ਪਤਨੀਆਂ, ਪੁੱਤ, ਨੂੰਹਾਂ ਤੇ ਧੀਆਂ ਸ਼ਹਿਰ ਦੀਆਂ ਗਲੀਆਂ ਤੇ ਪਿੰਡਾਂ ਵਿਚ ਪ੍ਰਚਾਰ ਕਰ ਰਹੀਆਂ ਹਨ। ਉਹ ਮਿੱਟੀ ’ਚ ਲਿੱਬੜੇ ਬੱਚਿਆਂ ਨਾਲ ਲਾਡ ਵੀ ਲਡਾ ਰਹੇ ਹਨ।
ਇਥੇ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਦੀ ਪਤਨੀ ਗੁਰਜੋਤ ਕੌਰ ਨੇ ਸਥਾਨਕ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਹੋਰ ਪਾਰਟੀ ਕਾਰਕੁਨਾਂ ਨਾਲ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਹਰ ਵਰਗ ਦੀ ਭਲਾਈ ਲਈ ਗੰਭੀਰ ਹੈ।
ਇਥੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਫਰਜ਼ੰਦ ਤੇ ਗਾਇਕ ਨਵਰਾਜ ਹੰਸ ਨੇ ਮੋਗਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਕਰਕੇ ਆਪਣੇ ਅਦਾਕਾਰ ਪਿਤਾ ਹੰਸ ਰਾਜ ਹੰਸ ਲਈ ਸਮਰਥਨ ਮੰਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਕਿਸ਼ਨਪੁਰਾ ਤੇ ਦੇਵ ਪ੍ਰਿਆ ਤਿਆਗੀ ਆਦਿ ਮੌਜੂਦ ਸਨ।