ਰਾਜਿੰਦਰ ਵਰਮਾ
ਭਦੌੜ, 6 ਫਰਵਰੀ
ਵਿਧਾਨ ਸਭਾ ਹਲਕਾ ਭਦੌੜ (ਰਾਖਵਾਂ) ਦੀ ਜ਼ਿਆਦਾ ਵਸੋਂ ਪਿੰਡਾਂ ਵਿਚ ਵਸੀ ਹੋਈ ਹੈ। ਇਸ ਹਲਕੇ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਹਮੇਸ਼ਾ ਵਾਂਝੇ ਰਹੇ ਹਨ। ਹਰ ਪਾਰਟੀ ਦੇ ਆਗੂਆਂ ਨੇ ਹਲਕੇ ਦੇ ਲੋਕਾਂ ਨੂੰ ਸਿਰਫ਼ ਲਾਰਿਆਂ ਤੱਕ ਹੀ ਸੀਮਤ ਰੱਖਿਆ ਹੈ। ਹਲਕਾ ਭਦੌੜ ਤੋਂ 1997 ਤੋਂ ਲੈ ਕੇ 2012 ਤੱਕ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੇ ਸੰਤ ਬਲਵੀਰ ਸਿੰਘ ਘੁੰਨਸ ਵਿਧਾਇਕ ਰਹੇ। ਉਹ ਹਰ ਵਾਰ ਭਦੌੜ ਨੂੰ ‘ਕੈਲੀਫੋਰਨੀਆ’ ਬਣਾਉਣ ਦਾ ਵਾਅਦਾ ਕਰਦੇ ਰਹੇ ਪਰ ਅਫ਼ਸੋਸ ਭਦੌੜ ਦਾ ਕੋਈ ਵਿਕਾਸ ਨਾ ਕਰਵਾ ਸਕੇ। 2012 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਚੋਣ ਲੜਨ ਕਰਕੇ ਇੱਥੇ ਸੀਵਰੇਜ ਅਤੇ ਹੋਰ ਕੰਮ ਜ਼ਰੂਰ ਹੋਏ ਪਰ ਉਹ ਸੀਵਰੇਜ ਲੋਕਾਂ ਲਈ ਜੰਜਾਲ ਬਣ ਕੇ ਰਹਿ ਗਿਆ। ਸੀਵਰੇਜ ਦੀ ਥਾਂ-ਥਾਂ ਤੋਂ ਹੋ ਰਹੀ ਲੀਕੇਜ ਕਾਰਨ ਲੋਕ ਪ੍ਰੇਸ਼ਾਨ ਹਨ। ਭਦੌੜ ਸ਼ਹਿਰ ਦੀ ਮੁੱਖ ਸਮੱਸਿਆ 25 ਬਿਸਤਰਿਆਂ ਵਾਲਾ ਸਿਵਲ ਹਸਪਤਾਲ ਹੈ। ਇਸ ਦੀ ਇਮਾਰਤ ਤਾਂ ਸ਼ਾਨਦਾਰ ਬਣੀ ਹੋਈ ਹੈ ਪਰ ਮਾਹਿਰ ਡਾਕਟਰਾਂ ਦੀ ਘਾਟ ਹੈ। ਵਾਟਰ ਸਪਲਾਈ ਪੱਖੋਂ ਭਦੌੜ ਦਾ ਹਾਲੇ ਵੀ ਬੁਰਾ ਹਾਲ ਹੈ। ਬਹੁਤੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਨਾਂਮਾਤਰ ਹੀ ਹੈ। ਹਲਕੇ ਦੇ ਸਰਕਾਰੀ ਸਕੂਲ ਅਧਿਆਪਕਾਂ ਤੋਂ ਵਾਂਝੇ ਹਨ।
2012 ਵਿੱਚ ਨਵੀਂ ਹੱਦਬੰਦੀ ਤਹਿਤ ਭਦੌੜ ਹਲਕੇ ਨਾਲੋਂ ਮਹਿਲ ਕਲਾਂ ਦੇ ਪਿੰਡ ਤੋੜ ਕੇ ਤਪਾ ਏਰੀਏ ਨੂੰ ਭਦੌੜ ਨਾਲ ਜੋੜ ਦਿੱਤਾ ਗਿਆ। ਹਲਕਾ ਭਦੌੜ ਵਿਚ ਦੋ ਵੱਡੇ ਸ਼ਹਿਰ ਭਦੌੜ ਅਤੇ ਤਪਾ ਪੈਂਦੇ ਹਨ। ਬਾਕੀ ਜ਼ਿਆਦਾ ਆਬਾਦੀ ਪਿੰਡਾਂ ਦੀ ਹੈ। ਪਿੰਡਾਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਇਸ ਹਲਕੇ ਵਿੱਚ ਸਰਕਾਰ ਵੱਲੋਂ ਕੋਈ ਵੀ ਅਜਿਹੀ ਸਨਅਤ ਨਹੀਂ ਲਿਆਂਦੀ ਗਈ, ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਤਪਾ ਸ਼ਹਿਰ ਦੇ ਜੰਮਪਲ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਵੀ ਹਲਕਾ ਭਦੌੜ ਵਿਚ ਕੋਈ ਪ੍ਰਾਜੈਕਟ ਲਿਆਉਣ ਵਿੱਚ ਅਸਫ਼ਲ ਰਹੇ ਹਨ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਭਦੌੜ ਨੂੰ ਸਿਹਤ ਸਹੂਲਤਾਂ ਦੇਣ ਦੀ ਜਗ੍ਹਾ ਧਰਮਸ਼ਾਲਾ, ਸ਼ਮਸ਼ਾਨਘਾਟਾਂ ਅਤੇ ਗਲੀਆਂ ਦੇ ਵਿਕਾਸ ’ਚ ਹੀ ਉਲਝਾਈ ਰੱਖਿਆ। ਸਿਆਸੀ ਆਗੂ ਵੱਡੇ ਮੁੱਦੇ ਛੱਡ ਕੇ ਆਪਸੀ ਤਾਹਨੇ-ਮਿਹਨਿਆਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ।
ਹਲਕਾ ਭਦੌੜ (ਰਾਖਵਾਂ) ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਲੜਨ ਨਾਲ ਇੱਥੋਂ ਮੁਕਾਬਲਾ ਦਿਲਚਸਪ ਬਣ ਗਿਆ ਹੈ। ਇਸ ਸੀਟ ’ਤੇ ਜ਼ਿਆਦਾਤਰ ਅਕਾਲੀ ਦਲ ਹੀ ਕਾਬਜ਼ ਰਿਹਾ ਹੈ। ਕਾਂਗਰਸ ਸਿਰਫ ਦੋ ਵਾਰ ਹੀ ਜਿੱਤ ਸਕੀ ਹੈ। 2017 ਵਿਚ ਇੱਥੋਂ ਆਮ ਆਦਮੀ ਪਾਰਟੀ ਜਿੱਤੀ ਸੀ।
50ਵੇਂ ਦਹਾਕੇ ਵਾਂਗ ਐਤਕੀਂ ਵੀ ਮੁੱਖ ਮੰਤਰੀ ਦਾ ਮੁਕਾਬਲਾ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਉਮੀਦਵਾਰ ਨਾਲ ਹੈ। 1952 ਵਿੱਚ ਇੱਕ ਆਮ ਕਿਸਾਨ ਦੇ ਪੁੱਤਰ ਬਾਬਾ ਅਰਜੁਨ ਸਿੰਘ ਨੇ ਭਦੌੜ ਦੇ ਰਾਜਾ ਨਿਰਪਾਲ ਸਿੰਘ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ। ਹੁਣ ਸੱਤਰ ਸਾਲਾਂ ਬਾਅਦ ਫਿਰ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੁਕਾਬਲਾ ‘ਆਪ’ ਵੱਲੋਂ ਚੋਣ ਲੜ ਰਹੇ ਮਜ਼ਦੂਰ ਪਰਿਵਾਰ ਦੇ ਲਾਭ ਸਿੰਘ ਉਗੋਕੇ ਅਤੇ ਅਕਾਲੀ ਦਲ ਦੇ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਹੈ। ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਲਵੇ ਦੇ ਪਿੰਡਾਂ ਵਿੱਚ ਉਹ ਵਿਕਾਸ ਨਹੀਂ ਹੋਇਆ, ਜੋ ਹੋਣਾ ਚਾਹੀਦਾ ਸੀ। ਉਹ ਹਲਕਾ ਭਦੌੜ ਅਤੇ ਮਾਲਵੇ ਦੇ ਵਿਕਾਸ ਲਈ ਹੀ ਭਦੌੜ ਤੋਂ ਚੋਣ ਲੜ ਰਹੇ ਹਨ।
ਆਮ ਆਦਮੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਕਿਹਾ, ‘‘ਮੇਰੇ ਵੋਟਰ ਹੀ ਮੇਰੀ ਸ਼ਕਤੀ ਹਨ।’’ ਲਾਭ ਸਿੰਘ ਸੱਥਾਂ ਵਿੱਚ 1952 ਦੀ ਉਦਾਹਰਨ ਦੇ ਕੇ ਜਿੱਤ ਦਾ ਦਾਅਵਾ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਸਿੱਖਿਆ ਅਤੇ ਸਿਹਤ ਸੇਵਾਵਾਂ ’ਚ ਪਾਰਦਰਸ਼ੀ ਨਾਲ ਕੰਮ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਨਾਕਾਮੀ ਕਰਕੇ ਪਿਛਲੇ ਪੰਜ ਸਾਲਾਂ ’ਚ ਪੰਜਾਬ ਦਾ ਵਿਕਾਸ ਨਹੀਂ ਹੋਇਆ। ਅਕਾਲੀ ਦਲ ਦਾ ਏਜੰਡਾ ਵਿਕਾਸ ਅਤੇ ਭਾਈਚਾਰਕ ਸਾਂਝ ਪੈਦਾ ਕਰਨਾ ਹੈ।