ਗਗਨਦੀਪ ਅਰੋੜਾ
ਲੁਧਿਆਣਾ, 7 ਅਗਸਤ
ਬੇਅਦਬੀ ਕਾਂਡ ’ਚ ਐੱਸਆਈਟੀ ਟੀਮ ਦੀ ਰਿਪੋਰਟ ਸਬੰਧੀ ਕਾਂਗਰਸ ਬੁਲਾਰੇ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿੱਧੇ ਤੌਰ ’ਤੇ ਇੱਕ ਵਾਰ ਕੁੰਵਰ ਵਿਜੈ ਪ੍ਰਤਾਪ ਨੂੰ ਜ਼ਿੰਮੇਵਾਰ ਦਿੱਸਿਆ। ਤਿਵਾੜੀ ਅਨੁਸਾਰ ਹਾਈ ਕੋਰਟ ਵੱਲੋਂ ਰਿਪੋਰਟ ਖਾਰਜ ਕੀਤੇ ਜਾਣ ਪਿੱਛੇ ਕੁੰਵਰ ਵਿਜੈ ਪ੍ਰਤਾਪ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਤਾਂ ਸਰਕਾਰ ਨੂੰ ਇਸ ਤਰ੍ਹਾਂ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਕੁੰਵਰ ਵਿਜੈ ਪ੍ਰਤਾਪ ਆਪਣੀ ਰਿਪੋਰਟ ਨਾਲ ਸਹਿਮਤ ਸਨ ਤਾਂ ਉਸ ਨੂੰ ਸੁਪਰੀਮ ਕੋਰਟ ’ਚ ਕਿਉਂ ਨਹੀਂ ਲੈ ਗਏ ਅਤੇ ਅਸਤੀਫ਼ਾ ਦੇ ਕੇ ਰਾਜਸੀ ਪਾਰਟੀ ’ਚ ਕਿਉਂ ਸ਼ਾਮਲ ਹੋਏ।
ਅੱਜ ਇੱਥੇ ਤਿਵਾੜੀ ਦੇ ਅਚਾਨਕ ਪੱਤਰਕਾਰ ਮਿਲਣੀ ਕਰਨ ’ਤੇ ਸਿਆਸੀ ਚਰਚਾ ਛਿੜ ਗਈ ਕਿਉਂਕਿ ਤਿਵਾੜੀ ਪਹਿਲਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਤਿਵਾੜੀ ਨੇ ਇਸ ਚਰਚਾ ਨੂੰ ਠੱਲ੍ਹ ਪਾਉਂਦਿਆਂ ਕਿਹਾ ਕਿ ਉਹ ਕਿਸੇ ਨਿੱਜੀ ਕੰਮ ਤੋਂ ਇੱਥੇ ਆਏ ਸਨ ਤਾਂ ਉਨ੍ਹਾਂ ਸੋਚਿਆ ਕਿ ਕਿਉਂ ਨਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਾਵੇ। ਪੰਜਾਬ ’ਚ ਨਵਜੋਤ ਸਿੱਧੂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਦੇ ਸੁਆਲਾਂ ’ਤੇ ਮਨੀਸ਼ ਤਿਵਾੜੀ ਕੁਝ ਗੋਲ-ਮੋਲ ਜੁਆਬ ਦਿੰਦੇ ਰਹੇ। ਕਿਸਾਨ ਅੰਦੋਲਨ ਕਾਰਨ ਅਡਾਨੀ ਗਰੁੱਪ ਵੱਲੋਂ ਆਪਣਾ ਲੌਜਿਸਟਿਕ ਪਾਰਕ ਬੰਦ ਕਰਨ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਤਿਵਾੜੀ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਦਿਆਂ ਤੁਰੰਤ ਖੇਤੀ ਕਾਨੂੰਨ ਰੱਦ ਕਰੇ। ਰਾਜੀਵ ਗਾਂਧੀ ਖੇਲ ਐਵਾਰਡ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਐਵਾਰਡ ਕਰਨ ਦੀ ਨਿਖੇਧੀ ਕਰਦਿਆਂ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਾਮ ਬਦਲ ਦੀ ਥਾਂ ’ਤੇ ਹੋਰ ਐਵਾਰਡ ਦੇਣ ਦੀ ਸ਼ੁਰੂਆਤ ਕਰਦੀ।