ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਪਰੈਲ
ਖਾਣ ਵਾਲੇ ਤੇਲਾਂ ਦੇ ਭਾਅ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਵਧ ਰਹੇ ਹਨ। ਇਸ ਵੇਲੇ ਰੂਸ-ਯੂਕਰੇਨ ਜੰਗ ਕਾਰਨ ਇਨ੍ਹਾਂ ਦੀ ਦਰਾਮਦ ਵਿੱਚ ਆਈ ਘਾਟ ਕਾਰਨ ਇਨ੍ਹਾਂ ਦੇ ਭਾਅ ਹੋਰ ਤੇਜ਼ੀ ਨਾਲ ਵਧੇ ਹਨ। ਇਸ ਜੰਗ ਨੇ ਵਧ ਰਹੀ ਮਹਿੰਗਾਈ ਵਿੱਚ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਦੌਰਾਨ 60 ਤੋਂ 80 ਫ਼ੀਸਦ ਤੱਕ ਵਾਧਾ ਹੋਇਆ ਹੈ, ਜੋ ਅਜੇ ਵੀ ਜਾਰੀ ਹੈ। ਵਪਾਰੀਆਂ ਨੂੰ ਸ਼ੱਕ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਉੱਥੇ ਦੀਆਂ ਫ਼ਸਲਾਂ ਵਿੱਚ ਪ੍ਰਭਾਵਿਤ ਹੋਣਗੀਆਂ ਜਿਸ ਦਾ ਸਿੱਧਾ ਅਸਰ ਕੀਮਤਾਂ ’ਤੇ ਪਵੇਗਾ। ਇਸ ਵੇਲੇ ਬਾਜ਼ਾਰ ਵਿੱਚ ਸਰ੍ਹੋਂ ਦਾ ਤੇਲ 170 ਤੋਂ 185 ਰੁਪਏ ਪ੍ਰਤੀ ਲਿਟਰ, ਸੋਇਆਬੀਨ 170 ਜਦੋਂਕਿ ਸੂਰਜਮੁਖੀ ਅਤੇ ਕਨੋਲਾ ਤੇਲ ਦੀਆਂ ਕੀਮਤਾਂ ਹੋਰ ਵੀ ਵੱਧ ਹਨ। ਇਨ੍ਹਾਂ ਤੇਲਾਂ ਤੋਂ ਇਲਾਵਾ ਰਸੋਈ ਦੀਆਂ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਮੱਧ ਵਰਗ ਦੇ ਬਜਟ ਵਿਗੜ ਗਏ ਹਨ। ਪੰਜਾਬ ਕਰਿਆਨਾ ਰਿਟੇਲਰ ਐਸੋਸੀਏਸ਼ਨ ਦੇ ਪ੍ਰਧਾਨ ਓਮਕਾਰ ਗੋਇਲ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਿੱਚ ਅੱਜ ਵੀ ਤਿੰਨ ਤੋਂ ਚਾਰ ਫ਼ੀਸਦ ਵਾਧਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ 66 ਫ਼ੀਸਦ ਤੇਲ ਵੱਖ-ਵੱਖ ਮੁਲਕਾਂ ਤੋਂ ਬਰਾਮਦ ਕਰਦਾ ਹੈ ਜਦੋਂਕਿ ਘਰੇਲੂ ਉਤਪਾਦਨ ਲਗਪਗ 33 ਫ਼ੀਸਦ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰ੍ਹੋਂ ਦੀ ਫ਼ਸਲ ਆਉਣ ਤੋਂ ਬਾਅਦ ਇਸ ਦੇ ਤੇਲ ਦੀ ਕੀਮਤ ਵਿੱਚ ਕਮੀ ਆਈ ਸੀ ਪਰ ਅੱਜ ਮੁੜ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸੂਰਜਮੁਖੀ ਤੇਲ ਅਤੇ ਬੀਜ ਦਾ ਲਗਪਗ 10 ਫ਼ੀਸਦ ਹਿੱਸਾ ਯੂਕਰੇਨ ਤੋਂ ਦਰਾਮਦ ਹੁੰਦਾ ਹੈ। ਜੰਗ ਕਾਰਨ ਜਿੱਥੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉੱਥੇ ਇਸ ਤੇਲ ਦੀਆਂ ਕੀਮਤਾਂ ਪਿਛਲੇ ਦੋ ਸਾਲਾਂ ਤੋਂ ਹੀ ਲਗਾਤਾਰ ਵਧ ਰਹੀਆਂ ਹਨ।